GT vs PBKS : ਪੰਜਾਬ ਨੇ ਦਰਜ ਕੀਤੀ ਵੱਡੀ ਜਿੱਤ, ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ

Tuesday, May 03, 2022 - 11:11 PM (IST)

GT vs PBKS : ਪੰਜਾਬ ਨੇ ਦਰਜ ਕੀਤੀ ਵੱਡੀ ਜਿੱਤ, ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਕੈਗਿਸੋ ਰਬਾਡਾ (33 ਦੌੜਾਂ ’ਤੇ 4 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ  ਤੋਂ ਬਾਅਦ ਸ਼ਿਖਰ ਧਵਨ (ਅਜੇਤੂ 62) ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਪੰਜਾਬ ਕਿੰਗਜ਼ ਨੇ ਆਈ. ਪੀ. ਐੱਲ. ਮੈਚ ਵਿਚ ਮੰਗਲਵਾਰ ਨੂੰ ਇੱਥੇ ਗੁਜਰਾਤ ਟਾਈਟਨਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸਾਈ ਸੁਦਰਸ਼ਨ ਦੀ 50 ਗੇਂਦਾਂ ’ਤੇ ਅਜੇਤੂ 65 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਗੁਜਰਾਤ ਦੀ ਟੀਮ 8 ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੀ। ਪੰਜਾਬ ਨੇ 16 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ’ਤੇ ਜਿੱਤ ਦਰਜ ਕਰ ਲਈ। ਧਵਨ ਨੇ 53 ਗੇਂਦਾਂ ਦੀ ਪਾਰੀ ਵਿਚ 8 ਚੌਕੇ ਤੇ 1 ਛੱਕਾ ਲਾਇਆ। ਉਸ ਨੇ ਦੂਜੀ ਵਿਕਟ ਲਈ ਭਾਨੁਕਾ ਰਾਜਪਕਸ਼ੇ (40) ਨਾਲ 87 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਰਾਜਪਕਸ਼ੇ ਨੇ 28 ਗੇਂਦਾਂ ਦੀ ਪਾਰੀ ਵਿਚ 5 ਚੌਕੇ ਤੇ 1 ਛੱਕਾ ਲਾਇਆ। ਲਿਆਮ ਲਿਵਿੰਗਸਟੋਨ ਨੇ ਇਸ ਤੋਂ ਬਾਅਦ 10 ਗੇਂਦਾਂ ਵਿਚ ਅਜੇਤੂ 30 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਦੇ ਨਾਲ ਨੈੱਟ ਰਨ ਰੇਟ ਵਿਚ ਵੀ ਸੁਧਾਰ ਕਰਨ ਵਿਚ ਮਦਦ ਕੀਤੀ। ਇਸ ਜਿੱਤ ਤੋਂ ਬਾਅਦ ਪੰਜਾਬ ਦੀ ਟੀਮ 10 ਮੈਚਾਂ ਵਿਚੋਂ 5 ਜਿੱਤਾਂ ਨਾਲ ਅੰਕ ਸੂਚੀ ਵਿਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਗੁਜਰਾਤ ਦੀ ਇਹ 10 ਮੈਚਾਂ ਵਿਚ ਦੂਜੀ ਹਾਰ ਹੈ ਤੇ ਟੀਮ ਅਜੇ ਵੀ ਚੋਟੀ ’ਤੇ ਹੈ। 

ਇਹ ਵੀ ਪੜ੍ਹੋ :- UK : ਕਰੋੜਾਂ ਦੇ ਜਾਅਲੀ ਪੌਂਡ ਛਾਪਣ ਵਾਲੇ ਗਿਰੋਹ ਦੇ ਮੈਂਬਰ ਨੂੰ ਹੋਈ ਜੇਲ੍ਹ

ਇਸ ਤੋਂ ਪਹਿਲਾਂ ਗੁਜਰਾਤ ਲਈ ਸੁਦਰਸ਼ਨ ਨੇ ਇਕ ਪਾਸਾ ਸੰਭਾਲੀ ਰੱਖਿਆ। ਉਸ ਨੇ ਆਪਣੀ ਪਹਿਲੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ 5 ਚੌਕੇ ਤੇ 1 ਛੱਕਾ ਲਾਇਆ।  ਉਸ ਤੋਂ ਬਾਅਦ ਰਿਧੀਮਾਨ ਸਾਹਾ (21) ਟੀਮ ਦਾ ਦੂਜਾ ਸਰਵਉੱਚ ਸਕੋਰ ਰਿਹਾ। ਪੰਜਾਬ ਲਈ ਰਬਾਡਾ ਤੋਂ ਇਲਾਵਾ ਅਰਸ਼ਦੀਪ ਸਿੰਘ, ਰਿਸ਼ੀ ਧਵਨ ਤੇ ਲਿਆਮ ਲਿਵਿੰਗਸਟੋਨ ਨੇ ਇਕ-ਇਕ ਵਿਕਟ ਲਈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ ਨੇ ਸ਼ੁਰੂਆਤੀ ਚਾਰ ਓਵਰਾਂ ਵਿਚ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਦੂਜੇ ਓਵਰ ਵਿਚ ਰਬਾਡਾ ਵਿਰੁੱਧ ਦੋ ਚੌਕੇ ਲਾਉਣ ਵਾਲਾ ਸ਼ੁਭਮਨ ਗਿੱਲ (9) ਰਨ ਆਊਟ ਹੋ ਗਿਆ। ਸਾਹਾ ਨੇ ਇਸ ਤੋਂ ਬਾਅਦ ਚੌਥੇ ਓਵਰ ਵਿਚ ਰਬਾਡਾ ਵਿਰੁੱਧ ਸ਼ਾਨਦਾਰ ਛੱਕਾ ਲਾਇਆ ਪਰ ਇਸ ਤਜਰਬੇਕਾਰ ਗੇਂਦਬਾਜ਼ ਨੇ ਅਗਲੀ ਹੀ ਗੇਂਦ ’ਤੇ ਉਸ ਨੂੰ ਚਲਦਾ ਕਰ ਦਿੱਤਾ। ਸ਼ਾਨਦਾਰ ਲੈਅ ਵਿਚ ਚੱਲ ਰਿਹਾ ਕਪਤਾਨ ਹਾਰਦਿਕ ਪੰਡਯਾ 7 ਗੇਂਦਾਂ ’ਤੇ 1 ਦੌੜ ਬਣਾ ਕੇ ਰਿਸ਼ੀ ਦੀ ਗੇਂਦ ’ਤੇ ਵਿਕਟਕੀਪਰ ਜਿਤੇਸ਼ ਸ਼ਰਮਾ ਨੂੰ ਕੈਚ ਦੇ ਬੈਠਾ। 

ਇਹ ਵੀ ਪੜ੍ਹੋ :- IPS ਅਧਿਕਾਰੀ ਸੁਖਚੈਨ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ

ਪੰਜਾਬ ਦੇ ਗੇਂਦਬਾਜ਼ਾਂ ਨੇ ਇਸ ਤੋਂ ਬਾਅਦ ਗੁਜਰਾਤ ’ਤੇ ਸ਼ਿਕੰਜਾ ਹੋਰ ਕੱਸ ਦਿੱਤਾ ਤੇ ਰਨ ਰੇਟ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਵਿਚ ਡੇਵਿਡ ਮਿਲਰ (11) 12ਵੇਂ ਓਵਰ ਵਿਚ ਲਿਆਮ ਲਿਵਿੰਗਸਟੋਨ ਦੀ ਗੇਂਦ ’ਤੇ ਬਾਊਂਡਰੀ ਰੇਖਾ ਕੋਲ ਰਬਾਡਾ ਨੂੰ ਕੈਚ ਦੇ ਬੈਠਾ। ਇਸੇ ਓਵਰ ਵਿਚ ਸਾਈ ਸੁਦਰਸ਼ਨ ਨੇ ਚੌਕਾ ਲਾ ਕੇ ਬਾਊਂਡਰੀ ਦੇ ਸੋਕੇ ਨੂੰ ਖਤਮ ਕੀਤਾ। ਗੁਜਰਾਤ ਲਈ ਇਹ ਚੌਕਾ 48 ਗੇਂਦਾਂ ਤੋਂ ਬਾਅਦ ਆਇਆ। ਉਸ ਨੇ ਇਸ ਤੋਂ ਬਾਅਦ ਰਿਸ਼ੀ ਧਵਨ ਤੇ ਰਾਹੁਲ ਚਾਹਰ ਦੇ ਓਵਰਾਂ ਵਿਚ ਚੌਕਾ ਲਾ ਕੇ ਰਨ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਰਬਾਡਾ ਨੇ 17ਵੇਂ ਓਵਰ ਵਿਚ ਲਗਾਤਾਰ ਗੇਂਦਾਂ ’ਤੇ ਰਾਹੁਲ ਤੇਵਤੀਆ (11) ਤੇ ਰਾਸ਼ਿਦ ਖਾਨ (0) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕਰ ਕੇ ਗੁਜਰਾਤ ਨੂੰ ਵੱਡਾ ਝਟਕਾ ਦਿੱਤਾ। ਉਸ ਨੇ 19ਵੇਂ ਓਵਰ ਵਿਚ ਲਾਕੀ ਫਰਗਿਊਸਨ (5 ਦੌੜਾਂ) ਨੂੰ ਚਲਦਾ ਕੀਤਾ। ਸੁਦਰਸ਼ਨ ਨੇ ਦੂਜੇ ਪਾਸੇ ਤੋਂ ਅਰਸ਼ਦੀਪ ਦੀ ਗੇਂਦ ’ਤੇ 18ਵੇਂ ਓਵਰ ਵਿਚ ਛੱਕਾ ਤੇ 20ਵੇਂ ਓਵਰ ਵਿਚ ਚੌਕਾ ਲਾ ਕੇ ਟੀਮ ਦੇ ਸਕੋਰ ਨੂੰ 140 ਦੇ ਪਾਰ ਪਹੁੰਚਾਇਆ। ਅਰਸ਼ਦੀਪ ਨੇ ਇਸ ਦੌਰਾਨ ਪ੍ਰਦੀਪ ਸਾਂਗਵਾਨ (2) ਨੂੰ ਬੋਲਡ ਕੀਤਾ।

ਇਹ ਵੀ ਪੜ੍ਹੋ :-ਦੋ ਵਹੁਟੀਆਂ ਦੀ ਨੋਕ ਝੋਕ ਨਾਲ ਭਰੀ ਦਿਲਚਸਪ ਫ਼ਿਲਮ ਹੋਵੇਗੀ ‘ਸੌਂਕਣ-ਸੌਂਕਣੇ’

ਪਲੇਇੰਗ ਇਲੈਵਨ -
ਗੁਜਰਾਤ ਟਾਈਟਨਸ :
ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤੇਵਤੀਆ,  ਰਾਸ਼ਿਦ ਖ਼ਾਨ, ਅਲਜ਼ਾਰੀ ਜੋਸੇਫ਼, ਪ੍ਰਦੀਪ ਸਾਂਗਵਾਨ, ਲਾਕੀ ਫਰਗਿਊਸਨ,ਮੁਹੰਮਦ ਸ਼ੰਮੀ ।
ਪੰਜਾਬ ਕਿੰਗਜ਼ : ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਜਾਨੀ ਬੇਅਰਸਟੋ, ਭਾਨੁਕਾ ਰਾਜਪਕਸ਼ੇ,ਲੀਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿਸ਼ੀ ਧਵਨ, ਕਗਿਸੋ ਰਬਾਡਾ,ਰਾਹੁਲ ਚਾਹਰ,ਅਰਸ਼ਦੀਪ ਸਿੰਘ, ਸੰਦੀਪ ਸ਼ਰਮਾ।

ਇਹ ਵੀ ਪੜ੍ਹੋ :- ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News