ਸ਼ੁਭਮਨ ਗਿੱਲ ਦੀ ਕਪਤਾਨੀ ਪਾਰੀ, ਗੁਜਰਾਤ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

Friday, Apr 17, 2026 - 11:32 PM (IST)

ਸ਼ੁਭਮਨ ਗਿੱਲ ਦੀ ਕਪਤਾਨੀ ਪਾਰੀ, ਗੁਜਰਾਤ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ 25ਵੇਂ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਆਪਣੇ ਕਪਤਾਨ ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਮਾਤ ਦਿੱਤੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਗੁਜਰਾਤ ਨੇ 181 ਦੌੜਾਂ ਦਾ ਟੀਚਾ 19.4 ਓਵਰਾਂ ਵਿੱਚ ਹਾਸਲ ਕਰ ਲਿਆ। ਜਿੱਥੇ ਗੁਜਰਾਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ, ਉੱਥੇ ਹੀ ਤਿੰਨ ਵਾਰ ਦੀ ਚੈਂਪੀਅਨ ਕੋਲਕਾਤਾ ਨੂੰ ਇਸ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਲਈ ਅਜੇ ਵੀ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਗੁਜਰਾਤ ਦੀ ਜਿੱਤ ਦੇ ਹੀਰੋ ਕਪਤਾਨ ਸ਼ੁਭਮਨ ਗਿੱਲ ਰਹੇ, ਜਿਨ੍ਹਾਂ ਨੇ ਮਹਿਜ਼ 50 ਗੇਂਦਾਂ ਵਿੱਚ 86 ਦੌੜਾਂ ਦੀ ਦਮਦਾਰ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਵਿੱਚ 8 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਰਨ ਚੇਜ਼ ਦੌਰਾਨ ਗਿੱਲ ਨੇ ਸਾਈ ਸੁਦਰਸ਼ਨ (22 ਦੌੜਾਂ) ਨਾਲ ਮਿਲ ਕੇ ਪਹਿਲੀ ਵਿਕਟ ਲਈ 57 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਜੋਸ ਬਟਲਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ ਗਿੱਲ ਆਪਣੇ ਸੈਂਕੜੇ ਤੋਂ ਖੁੰਝ ਗਏ, ਪਰ ਉਨ੍ਹਾਂ ਦੀ ਪਾਰੀ ਨੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 180 ਦੌੜਾਂ ਬਣਾਈਆਂ। ਕੇਕੇਆਰ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਕਪਤਾਨ ਅਜਿੰਕਿਆ ਰਹਾਣੇ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਟੀਮ ਲਈ ਕੈਮਰੂਨ ਗ੍ਰੀਨ ਨੇ ਸਭ ਤੋਂ ਵੱਧ 79 ਦੌੜਾਂ (55 ਗੇਂਦਾਂ) ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਰੋਵਮੈਨ ਪਾਵੇਲ ਨੇ ਵੀ 27 ਦੌੜਾਂ ਦੀ ਪਾਰੀ ਖੇਡੀ, ਪਰ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ।

ਗੁਜਰਾਤ ਟਾਈਟਨਸ ਲਈ ਕਗਿਸੋ ਰਬਾਡਾ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 3 ਮਹੱਤਵਪੂਰਨ ਵਿਕਟਾਂ ਝਟਕਾਈਆਂ। ਮੁਹੰਮਦ ਸਿਰਾਜ ਅਤੇ ਅਸ਼ੋਕ ਸ਼ਰਮਾ ਨੂੰ ਵੀ 2-2 ਸਫਲਤਾਵਾਂ ਮਿਲੀਆਂ।


author

Rakesh

Content Editor

Related News