ਆਸਟਰੇਲੀਆ ਦੀ ਪਹਿਲੇ ਵਨ ਡੇ 'ਚ ਨਿਊਜ਼ੀਲੈਂਡ 'ਤੇ ਵੱਡੀ ਜਿੱਤ

03/13/2020 7:52:49 PM

ਸਿਡਨੀ- ਆਸਟਰੇਲੀਆ ਨੇ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) ਦੇ ਖਾਲੀ ਪਏ ਸਟੇਡੀਅਮ ਵਿਚ ਨਿਊਜ਼ੀਲੈਂਡ ਨੂੰ ਸ਼ੁੱਕਰਵਾਰ ਇਥੇ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ 71 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਨੂੰ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕਣ ਦਿੱਤਾ ਤੇ ਉਸ ਦੀ ਟੀਮ ਨੂੰ 7 ਵਿਕਟਾਂ 'ਤੇ 258 ਦੌੜਾਂ ਹੀ ਬਣਾਉਣ ਦਿੱਤੀਆਂ। ਆਸਟਰੇਲੀਆਈ ਗੇਂਦਬਾਜ਼ਾਂ ਨੇ ਹਾਲਾਂਕਿ ਕੀਵੀ ਬੱਲੇਬਾਜ਼ਾਂ 'ਤੇ ਦਬਦਬਾ ਬਣਾਇਆ ਤੇ ਉਸ ਦੀ ਪੂਰੀ ਟੀਮ ਨੂੰ 41 ਓਵਰਾਂ ਵਿਚ 187 ਦੌੜਾਂ 'ਤੇ ਢੇਰ ਕਰ ਦਿੱਤਾ। ਕ੍ਰਿਕਟ ਆਸਟਰੇਲੀਆ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਤੋਂ ਰੋਕ ਦਿੱਤਾ ਸੀ। ਅਜਿਹੀ ਹਾਲਤ ਵਿਚ ਖਿਡਾਰੀਆਂ ਨੇ ਖਾਲੀ ਸਟੇਡੀਅਮ ਵਿਚ ਖੁਦ ਹੀ ਆਪਣੀਆਂ ਉਪਲੱਬਧੀਆਂ ਦਾ ਜਸ਼ਨ ਮਨਾਇਆ।

PunjabKesari

ਆਰੋਨ ਫਿੰਚ ਦੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਫੈਸਲੇ ਤੋਂ ਬਾਅਦ ਆਸਟਰੇਲੀਆ ਇਕ ਸਮੇਂ 300 ਤੋਂ ਵੱਧ ਦਾ ਸਕੋਰ ਬਣਾਉਣ ਦੀ ਸਥਿਤੀ ਵਿਚ ਦਿਸ ਰਿਹਾ ਸੀ। ਡੇਵਿਡ ਵਾਰਨਰ (67) ਤੇ ਫਿੰਚ (60) ਨੇ ਪਹਿਲੀ ਵਿਕਟ ਲਈ 124 ਦੌੜਾਂ ਜੋੜੀਆਂ ਪਰ ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਮਾਰਨਸ ਲਾਬੂਚਾਨੇ ਦੀ 52 ਗੇਂਦਾਂ 'ਤੇ 56 ਦੌੜਾਂ ਦੀ ਪਾਰੀ ਦੇ ਬਾਵਜੂਦ ਆਸਟਰੇਲੀਆ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ। ਨਿਊਜ਼ੀਲੈਂਡ ਕੋਲ ਲੜੀ ਵਿਚ 1-0 ਨਾਲ ਬੜ੍ਹਤ ਹਾਸਲ ਕਰਨ ਦਾ ਮੌਕਾ ਸੀ ਪਰ ਆਸਟਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਉਸ ਦੇ ਬੱਲੇਬਾਜ਼ ਚੱਲ ਨਹੀਂ ਸਕੇ। ਨਿਊਜ਼ੀਲੈਂਡ ਨੇ ਨਿਯਮਿਤ ਫਰਕ ਨਾਲ ਵਿਕਟਾਂ ਗੁਆਈਆਂ। ਉਸ ਵਲੋਂ ਮਾਰਟਿਨ ਗੁਪਟਿਲ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਆਸਟਰੇਲੀਆ ਲਈ ਇਹ ਜਿੱਤ ਮਨੋਬਲ ਵਧਾਉਣ ਵਾਲੀ ਰਹੀ ਕਿਉਂਕਿ ਉਸ ਨੇ ਦੱਖਣੀ ਅਫਰੀਕਾ ਤੇ ਭਾਰਤ ਹੱਥੋਂ ਆਪਣੇ ਪਿਛਲੇ 5 ਵਨ ਡੇ ਮੈਚ ਗੁਆਏ ਸਨ।

 


Gurdeep Singh

Content Editor

Related News