ਗ੍ਰਾਂਟ ਬ੍ਰੈਡਬਰਨ ਪਾਕਿਸਤਾਨ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ
Saturday, May 13, 2023 - 05:12 PM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸ਼ਨੀਵਾਰ ਨੂੰ ਗ੍ਰਾਂਟ ਬ੍ਰੈਡਬਰਨ ਨੂੰ 2 ਸਾਲਾਂ ਲਈ ਰਾਸ਼ਟਰੀ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ ਹੈ। ਬੋਰਡ ਨੇ ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਐਂਡਰਿਊ ਪੁਟਿਕ ਨੂੰ ਵੀ 2 ਸਾਲਾਂ ਲਈ ਪੁਰਸ਼ ਟੀਮ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। 'ਸਟਰੈਂਥ ਐਂਡ ਕੰਡੀਸ਼ਨਿੰਗ' ਕੋਚ ਡ੍ਰਿਕਸ ਸਾਈਮਨ ਅਤੇ 'ਫਿਜ਼ੀਓਥੈਰੇਪਿਸਟ' ਕਲਿਫ ਡੀਕਨ ਆਪਣੀਆਂ ਭੂਮਿਕਾਵਾਂ ਵਿੱਚ ਬਣੇ ਰਹਿਣਗੇ। ਬ੍ਰੈਡਬਰਨ ਨੇ ਨਿਊਜ਼ੀਲੈਂਡ ਦੇ ਖਿਲਾਫ ਹਾਲ ਹੀ ਵਿੱਚ ਸਮਾਪਤ ਹੋਈ ਘਰੇਲੂ ਸੀਰੀਜ਼ ਦੌਰਾਨ ਟੀਮ ਦੇ ਮੁੱਖ ਕੋਚ ਵਜੋਂ ਸੇਵਾ ਨਿਭਾਈ।
ਨਿਊਜ਼ੀਲੈਂਡ ਦਾ ਇਹ ਸਾਬਕਾ ਖਿਡਾਰੀ ਪਾਕਿਸਤਾਨੀ ਦੀ ਟੀਮ ਦੀ ਮਜ਼ਬੂਤੀ ਅਤੇ ਚੁਣੌਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਹ ਇਸ ਤੋਂ ਪਹਿਲਾਂ 2018 ਤੋਂ 2020 ਤੱਕ ਫੀਲਡਿੰਗ ਕੋਚ ਰਹਿ ਚੁੱਕੇ ਹਨ। ਪਾਕਿਸਤਾਨ ਵਿੱਚ ਆਪਣੀਆਂ ਭੂਮਿਕਾਵਾਂ ਤੋਂ ਪਹਿਲਾਂ, ਬ੍ਰੈਡਬਰਨ ਸਕਾਟਲੈਂਡ ਪੁਰਸ਼ ਟੀਮ ਦੇ ਮੁੱਖ ਕੋਚ ਰਹਿ ਚੁੱਕੇ ਹਨ। ਪੀ.ਸੀ.ਬੀ. ਵੱਲੋਂ ਜਾਰੀ ਬਿਆਨ 'ਚ ਬ੍ਰੈਡਬਰਨ ਨੇ ਕਿਹਾ, 'ਮੁੱਖ ਕੋਚ ਦੇ ਰੂਪ 'ਚ ਪਾਕਿਸਤਾਨ ਵਰਗੀ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਟੀਮ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਅਸੀਂ ਆਪਣੀ ਖੇਡ ਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਆਪਣੇ ਵਧਦੇ ਹੁਨਰ ਦਾ ਪ੍ਰਦਰਸ਼ਨ ਕਰਨ ਦੀ ਉਤਸੁਕ ਹਾਂ।'