ਗ੍ਰੇਂਕੇ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ : ਸਪੇਨ ਦੇ ਵੋਲੋਜੋ ਪੋਂਸ ਨੂੰ ਹਰਾ ਕੇ ਆਨੰਦ ਸਾਂਝੀ ਬੜ੍ਹਤ ''ਤੇ
Wednesday, Apr 24, 2019 - 08:56 PM (IST)

ਕਾਰਲਜੁਏ (ਜਰਮਨੀ) (ਨਿਕਲੇਸ਼ ਜੈਨ)— ਗ੍ਰੇਂਕੇ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਵਿਸ਼ਵ ਨੰਬਰ 6 ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਚੌਥੇ ਰਾਊਂਡ ਵਿਚ ਸਪੇਨ ਦੇ ਵੋਲੋਜੋ ਪੋਂਸ ਨੂੰ ਹਰਾਉਂਦੇ ਹੋਏ 3 ਅੰਕਾਂ ਨਾਲ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਅੱਜ ਇਕ ਵਾਰ ਫਿਰ ਆਨੰਦ ਨੇ ਦਿਖਾਇਆ ਕਿ ਚਾਹੇ ਉਸ ਦੀ ਉਮਰ ਵਧ ਰਹੀ ਹੈ ਪਰ ਅਜੇ ਵੀ ਉਸ ਦੇ ਡਿਫੈਂਸ ਨੂੰ ਜਾਣ ਸਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ ਕਾਰੋ ਕਾਨ ਡਿਫੈਂਸ ਦਾ ਸਹਾਰਾ ਲਿਆ। ਵੋਲੋਜੋ ਨੇ ਸ਼ੁਰੂਆਤ ਤੋਂ ਹੀ ਆਨੰਦ ਦੇ ਰਾਜਾ ਵੱਲ ਆਪਣੇ ਪਿਆਦਿਆਂ ਨਾਲ ਹਮਲਾਵਰ ਰੁਖ਼ ਅਪਣਾਇਆ ਪਰ ਆਨੰਦ ਨੇ ਸਹੀ ਸੰਤੁਲਨ ਦਿਖਾਉਂਦੇ ਹੋਏ ਨਾ ਸਿਰਫ ਆਪਣੇ ਰਾਜਾ 'ਤੇ ਹਮਲਾ ਰੋਕਿਆ ਬਲਕਿ ਬੋਰਡ ਦੇ ਦੂਸਰੇ ਹਿੱਸੇ ਤੋਂ ਸ਼ਾਨਦਾਰ ਤਾਲਮੇਲ ਨਾਲ ਜਵਾਬੀ ਹਮਲਾ ਕਰ ਦਿੱਤਾ। ਨਤੀਜਾ ਇਹ ਹੋਇਆ ਕਿ 47 ਚਾਲਾਂ ਵਿਚ ਵੋਲੋਜੋ ਨੂੰ ਹਾਰ ਸਵੀਕਾਰ ਕਰਨੀ ਪਈ। ਰਾਊਂਡ 4 ਦੇ ਹੋਰ ਮੁਕਾਬਲਿਆਂ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਫੇਬੀਆਨੋ ਕਾਰੂਆਨਾ ਨਾਲ ਡਰਾਅ ਖੇਡਿਆ ਤਾਂ ਅਜ਼ਰਬੈਜਾਨ ਦੇ ਅਕਾਰਦੀ ਨਾਈਡਿਸ਼, ਫਰਾਂਸ ਦੇ ਮੈਕਸਿਮ ਲਾਗ੍ਰੇਵ, ਅਰਮੀਨੀਆ ਦੇ ਲੇਵਾਨ ਅਰੋਨੀਅਨ ਆਪਣੇ-ਆਪਣੇ ਮੁਕਾਬਲੇ ਜਿੱਤਣ ਵਿਚ ਕਾਮਯਾਬ ਰਹੇ।