ਰਿਲੇਅ ਟੀਮ ਦਾ ਟੀਚਾ ਓਲੰਪਿਕ ’ਚ ਰਾਸ਼ਟਰੀ ਰਿਕਾਰਡ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ : ਪੂਵਮਾ

Tuesday, May 07, 2024 - 08:34 PM (IST)

ਰਿਲੇਅ ਟੀਮ ਦਾ ਟੀਚਾ ਓਲੰਪਿਕ ’ਚ ਰਾਸ਼ਟਰੀ ਰਿਕਾਰਡ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ : ਪੂਵਮਾ

ਨਵੀਂ ਦਿੱਲੀ- ਬਹਾਮਾਸ ਵਿਚ ਆਯੋਜਿਤ ਵਿਸ਼ਵ ਐਥਲੈਟਿਕਸ ਰਿਲੇਅ ਦੇ ਰਾਹੀਂ ਪੈਰਿਸ ਖੇਡਾਂ ਵਿਚ ਜਗ੍ਹਾ ਬਣਾਉਣ ਵਾਲੀ ਭਾਰਤੀ ਮਹਿਲਾ ਚਾਰ ਗੁਣਾ 400 ਮੀਟਰ ਰਿਲੇਅ ਟੀਮ ਦੀ ਸਭ ਤੋਂ ਤਜਰਬੇਕਾਰ ਮੈਂਬਰ ਐੱਮ. ਆਰ. ਪੂਵਮਾ ਦਾ ਮੰਨਣਾ ਹੈ ਕਿ ਟੀਮ ਓਲੰਪਿਕ ਵਿਚ 20 ਸਾਲ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਤੋੜਨ ਦੇ ਨਾਲ ਦੇਸ਼ ਲਈ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ। ਪੂਵਮਾ, ਰੂਪਲ ਚੌਧਰੀ, ਜਯੋਤਿਕਾ ਸ਼੍ਰੀ ਦਾਂਡੀ ਤੇ ਸ਼ੁਭਾ ਵੈਂਕਟੇਸ਼ਨ ਦੀ ਚੌਕੜੀ ਨੇ 3 ਮਿੰਟ 29.35 ਸੈਕੰਡ ਦਾ ਸਮਾਂ ਲੈ ਕੇ ਦੂਜੇ ਦੌਰ ਦੀ ਹੀਟ ਵਿਚ ਜਮੈਕਾ (3:28.54) ਤੋਂ ਬਾਅਦ ਦੂਜਾ ਸਥਾਨ ਹਾਸਲ ਕਰਕੇ ਪੈਰਿਸ ਦੀ ਟਿਕਟ ਕਟਾਈ।
ਪੂਵਮਾ ਨੇ ਕਿਹਾ,‘‘ਅਸੀਂ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕਰਨਾ ਚਾਹੁੰਦੇ ਸੀ ਪਰ ਅਸੀਂ ਅਜਿਹਾ ਨਹੀਂ ਕਰ ਸਕੇ। ਅਸੀਂ ਇਸ ਸੈਸ਼ਨ ਦੀਆਂ ਆਗਾਮੀ ਪ੍ਰਤੀਯੋਗਿਤਾਵਾਂ ਵਿਚ ਅਜਿਹਾ ਕਰਾਂਗੇ।’’
ਉਸ ਨੇ ਕਿਹਾ, ‘‘ਇਸ ਵਾਰ ਪੈਰਿਸ ਓਲੰਪਿਕ ਵਿਚ ਟੀਮ ਦਾ ਟੀਚਾ ਰਾਸ਼ਟਰੀ ਰਿਕਾਰਡ ਤੋੜਨ ਦੇ ਨਾਲ ਫਾਈਨਲ ਵਿਚ ਪਹੁੰਚਣਾ ਤੇ ਪਹਿਲਾਂ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਹੈ। ਸਾਡਾ ਰਾਸ਼ਟਰੀ ਰਿਕਾਰਡ 20 ਸਾਲ ਪੁਰਾਣਾ ਹੈ ਤੇ ਅਸੀਂ ਇਸ ਨੂੰ ਬਿਹਤਰ ਕਰਨਾ ਹੈ। ਇਸ ਟੀਮ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ।’’
ਮਹਿਲਾਵਾਂ ਦੀ ਚਾਰ ਗੁਣਾ 400 ਮੀਟਰ ਰਿਲੇਅ ਦਾ ਰਾਸ਼ਟਰੀ ਰਿਕਾਰਡ ਚਿੰਨਾ ਸੋਮਨ, ਰਾਜਵਿੰਦਰ ਕੌਰ, ਕੇ. ਐੱਮ. ਬੀਨਾਮੋਲ ਤੇ ਮਨਜੀਤ ਕੌਰ ਦੀ ਚੌਕੜੀ ਦੇ ਨਾਂ ’ਤੇ ਹੈ, ਜਿਨ੍ਹਾਂ ਨੇ 2004 ਏਂਥਨਜ਼ ਓਲੰਪਿਕ ਵਿਚ 3:26.89 ਸੈਕੰਡ ਦਾ ਸਮਾਂ ਲਿਆ ਸੀ। ਓਲੰਪਿਕ ਵਿਚ ਮਹਿਲਾਵਾਂ ਦੀ ਚਾਰ ਗੁਣਾ 400 ਰਿਲੇਅ ਪ੍ਰਤੀਯੋਗਿਤਾ ਵਿਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੋ ਵਾਰ (1984-ਲਾਸ ਏਂਜਲਸ ਤੇ 2004-ਏਥਨਜ਼) ਰਿਹਾ ਹੈ।
ਪੂਵਮਾ ਨੇ ਕਿਹਾ ਕਿ ਮਹਿਲਾਵਾਂ ਦੀ ਚਾਰ ਗੁਣਾ 400 ਮੀਟਰ ਰਿਲੇਅ ਟੀਮ ਦੀ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਨੂੰ ਹੈਰਾਨੀਜਨਕ ਨਤੀਜਾ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਹ ਚੌਕੜੀ ਇਸ ਉਪਲੱਬਧੀ ਨੂੰ ਹਾਸਲ ਕਰਨ ਲਈ ਭਰੋਸੇਮੰਦ ਸੀ।


author

Aarti dhillon

Content Editor

Related News