ਗਲੇਨ ਮੈਕਗ੍ਰਾ ਨੇ ਕੀਤੀ ਭਾਰਤੀ ਗੇਂਦਬਾਜ਼ਾਂ ਦੀ ਤਾਰੀਫ਼, ਬੁਮਰਾਹ ਲਈ ਕਹੀ ਇਹ ਗੱਲ
Sunday, Apr 24, 2022 - 05:56 PM (IST)
ਚੇਨਈ—ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਸ਼ੁੱਕਰਵਾਰ ਕਿਹਾ ਕਿ ਜਿਸ ਤਰ੍ਹਾਂ ਨਾਲ ਤੇਜ਼ੀ ਨਾਲ ਉੱਭਰਦੇ ਹੋਏ ਪ੍ਰਸਿੱਧ ਕ੍ਰਿਸ਼ਨਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ 19ਵਾਂ ਓਵਰ ਸੁੱਟਿਆ। ਉਸ ਤੋਂ ਦਿਖਦਾ ਹੈ ਕਿ ਉਹ ਦਬਾਅ ਦਾ ਸਾਹਮਣਾ ਕਰ ਸਕਦੇ ਹਨ। ਮੈਕਗ੍ਰਾ ਨੇ ਨਾਲ ਹੀ ਉਮੀਦ ਜਤਾਈ ਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜ਼ੋਰਦਾਰ ਵਾਪਸੀ ਕਰਨਗੇ, ਜੋ ਮੁੰਬਈ ਇੰਡੀਅਨਜ਼ ਲਈ ਆਈ.ਪੀ.ਐੱਲ. ’ਚ ਹੁਣ ਤੱਕ ਚਾਰ ਵਿਕਟਾਂ ਹੀ ਲੈ ਸਕੇ ਹਨ।
ਮੈਕਗ੍ਰਾ ਨੇ ਕਿਹਾ ਕਿ ਸਾਡੇ ਦੋ ਗੇਂਦਬਾਜ਼ ਆਵੇਸ਼ ਖਾਨ ਅਤੇ ਪ੍ਰਸਿੱਧ ਕ੍ਰਿਸ਼ਨਾ ਜਿਸ ਤਰ੍ਹਾਂ ਗੇਂਦਬਾਜ਼ੀ ਕਰ ਰਹੇ ਹਨ, ਉਹ ਸ਼ਾਨਦਾਰ ਹੈ। ਪ੍ਰਸਿੱਧ ਨੇ ਸ਼ੁੱਕਰਵਾਰ ਨੂੰ ਦਿੱਲੀ ਕੈਪੀਟਲਸ ਦੇ ਖ਼ਿਲਾਫ਼ IPL ਮੈਚ ਦੇ 19ਵੇਂ ਓਵਰ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਿਸ ਤੋਂ ਦਿਖਦਾ ਹੈ ਕਿ ਇਹ ਖਿਡਾਰੀ ਦਬਾਅ ਨਾਲ ਨਜਿੱਠ ਸਕਦੇ ਹਨ। ਮੈਨੂੰ ਹਮੇਸ਼ਾ ਪ੍ਰਸਿੱਧ ਪਸੰਦ ਆਇਆ ਹੈ ਕਿਉਂਕਿ ਉਹ ਹਮੇਸ਼ਾ ਨੈੱਟ ’ਤੇ ਗੇਂਦਬਾਜ਼ੀ ਕਰਨ ਦਾ ਚਾਹਵਾਨ ਰਹਿੰਦਾ ਹੈ। ਉਸ ਨੇ ਆਪਣੀ ਸਿਖਲਾਈ ਦੌਰਾਨ ਜੋ ਮਿਹਨਤ ਕੀਤੀ ਹੈ, ਉਸ ਦਾ ਨਤੀਜਾ ਉਸ ਨੂੰ ਮਿਲ ਰਿਹਾ ਹੈ। ਉਹ ਮਾਨਸਿਕ ਤੌਰ ’ਤੇ ਬਹੁਤ ਮਜ਼ਬੂਤ ਹੈ ਅਤੇ ਉਸ ਦਾ ਰਵੱਈਆ ਵੀ ਚੰਗਾ ਹੈ। ਉਹ ਇਸ ਸਮੇਂ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੈ।
ਮੁੰਬਈ ਇੰਡੀਅਨਜ਼ ਹੁਣ ਤੱਕ ਆਪਣੇ ਸਾਰੇ ਸੱਤ ਮੈਚ ਹਾਰ ਚੁੱਕੀ ਹੈ ਅਤੇ ਬੁਮਰਾਹ ਵੀ ਜ਼ਿਆਦਾ ਵਿਕਟਾਂ ਨਹੀਂ ਲੈ ਸਕਿਆ ਹੈ। ਇਸ ’ਤੇ ਮੈਕਗ੍ਰਾ ਨੇ ਕਿਹਾ ਕਿ ਉਸ ਨੂੰ ਆਪਣੇ ਕਰੀਅਰ ਦੇ ਸ਼ੁਰੂ ਵਿਚ ਇੰਨੀ ਸਫਲਤਾ ਮਿਲੀ ਹੈ ਕਿ ਉਸ ਤੋਂ ਉਸੇ ਪੱਧਰ ਨੂੰ ਬਰਕਰਾਰ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ। ਉਹ ਇਕ ਮਹਾਨ ਗੇਂਦਬਾਜ਼ ਹੈ ਅਤੇ ਬਹੁਤ ਸਮਝਦਾਰ ਵੀ ਹੈ। ਮੈਨੂੰ ਉਸ ਦੀ ਮਜ਼ਬੂਤ ਵਾਪਸੀ ਦੀ ਉਡੀਕ ਹੈ।