ਜਰਮਨੀ ਦੇ ਤਜਰਬੇਕਾਰ ਫ਼ੁੱਟਬਾਲਰ ਟੋਨੀ ਕਰੂਸ ਨੇ ਰਾਸ਼ਟਰੀ ਟੀਮ ਤੋਂ ਲਿਆ ਸੰਨਿਆਸ
Friday, Jul 02, 2021 - 09:23 PM (IST)
ਬਰਲਿਨ— ਜਰਮਨੀ ਨੂੰ ਫ਼ੀਫ਼ਾ ਵਰਲਡ ਕੱਪ ਦਾ ਖ਼ਿਤਾਬ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਿਡ ਲਾਈਨ ਦੇ ਖਿਡਾਰੀ ਟੋਨੀ ਕਰੂਸ ਨੇ ਰਾਸ਼ਟਰੀ ਟੀਮ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਦੇਸ਼ ਲਈ 106 ਮੈਚ ਖੇਡਣ ਵਾਲੇ ਇਸ 31 ਸਾਲਾ ਖਿਡਾਰੀ ਨੇ 2014 ’ਚ ਟੀਮ ਦੇੇ ਵਿਸ਼ਵ ਚੈਂਪੀਅਨ ਬਣਨ ਦੀ ਮੁਹਿਮ ਦੇ ਦੌਰਾਨ ਹਰ ਮੈਚ ’ਚ ਪੂਰਾ ਸਮਾਂ ਮੈਦਾਨ ’ਤੇ ਬਿਤਾਇਆ ਸੀ। ਉਨ੍ਹਾਂ ਦਾ ਆਖ਼ਰੀ ਮੈਚ ਯੂਰੋ 2020 ’ਚ ਇੰਗਲੈਂਡ ਖ਼ਿਲਾਫ਼ ਪ੍ਰੀ-ਕੁਆਰਟਰ ਫਾਈਨਲ ਦਾ ਮੁਕਾਬਲਾ ਸੀ। ਟੀਮ ਨੂੰ ਇਸ ਮੈਚ ’ਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਰੂਸ ਨੇ ਪੋਡਕਾਸਟ ’ਚ ਕਿਹਾ ਕਿ ਉਨ੍ਹਾਂ ਦਾ ਇਹ ਫ਼ੈਸਲਾ ‘ਬਦਲਣ ਵਾਲਾ ਨਹੀਂ’ ਹੈ। ਰੀਆਲ ਮੈਡਿ੍ਰਡ ਦੇ ਇਸ ਖਿਡਾਰੀ ਨੇ ਕਿਹਾ ਕਿ ਉਹ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਹੈ।