ਮੁੱਖ ਕੋਚ ਬਣਨ ਤੋਂ ਬਾਅਦ ਗੌਤਮ ਗੰਭੀਰ ਦਾ ਪਹਿਲਾ ਬਿਆਨ ਆਇਆ ਸਾਹਮਣੇ

Wednesday, Jul 10, 2024 - 11:20 AM (IST)

ਮੁੱਖ ਕੋਚ ਬਣਨ ਤੋਂ ਬਾਅਦ ਗੌਤਮ ਗੰਭੀਰ ਦਾ ਪਹਿਲਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ– ਭਾਰਤ ਦੇ ਨਵ-ਨਿਯੁਕਤ ਮੁੱਖ ਕੋਚ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਕਿਹਾ ਕਿ ਵੱਕਾਰੀ ਅਹੁਦੇ ’ਤੇ ਰਹਿੰਦੇ ਹੋਏ ‘ਤਿਰੰਗੇ ਦੀ ਸੇਵਾ ਕਰਨਾ ਬੇਹੱਦ ਸਨਮਾਨ ਦੀ ਗੱਲ’ ਹੋਵੇਗੀ ਤੇ ਉਹ ਟੀਮ ਲਈ ਚੰਗੇ ਨਤੀਜੇ ਦੇਣ ਲਈ ‘ਆਪਣੀ ਪੂਰੀ ਤਾਕਤ ਲਗਾ ਦੇਵੇਗਾ’। ਭਾਰਤ ਦੀ 2011 ਵਨ ਡੇ ਵਿਸ਼ਵ ਕੱਪ ਜਿੱਤ ਦੇ ਨਾਇਕਾਂ ਵਿਚੋਂ ਇਕ ਗੰਭੀਰ ਨੇ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ, ਜਿਸ ਦਾ ਕਾਰਜਕਾਲ ਹਾਲ ਹੀ ਵਿਚ ਖਤਮ ਹੋਏ ਟੀ-20 ਵਿਸ਼ਵ ਕੱਪ ਨਾਲ ਖਤਮ ਹੋ ਗਿਆ, ਜਿਸ ਵਿਚ ਭਾਰਤੀ ਟੀਮ ਨੇ ਖਿਤਾਬ ਜਿੱਤਿਆ ਹੈ।
ਗੰਭੀਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਭਾਰਤ ਮੇਰੀ ਪਛਾਣ ਹੈ ਤੇ ਆਪਣੇ ਦੇਸ਼ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਮੈਂ (ਟੀਮ ਦੇ ਨਾਲ) ਵਾਪਸ ਆ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ, ਭਾਵੇਂ ਹੀ ਇਕ ਵੱਖਰੀ ਭੂਮਿਕਾ ਵਿਚ ਹਾਂ ਪਰ ਮੇਰਾ ਟੀਚਾ ਹਮੇਸ਼ਾ ਦੀ ਤਰ੍ਹਾਂ ਉਹ ਹੀ ਹੈ ਕਿ ਹਰ ਭਾਰਤੀ ਨੂੰ ਸਨਮਾਨਿਤ ਕਰਾਂ। ’’ ਉਸ ਨੇ ਕਿਹਾ,‘‘ਟੀਮ ਇੰਡੀਆ ਨੇ ਇਕ ਅਰਬ 40 ਕਰੋੜ ਭਾਰਤੀਆਂ ਦੇ ਸੁਪਨਿਆਂ ਨੂੰ ਆਪਣੇ ਮੋਢਿਆਂ ’ਤੇ ਚੁੱਕਿਆ ਹੋਇਆ ਹੈ ਤੇ ਮੈਂ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਪੂਰੀ ਤਾਕਤ ਲਾ ਦੇਵਾਂਗਾ।’’ ਗੰਭੀਰ ਦੀ ਕਪਤਾਨੀ ਵਿਚ 2012 ਤੇ 2014 ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈ. ਪੀ. ਐੱਲ. ਖਿਤਾਬ ਜਿੱਤਿਆ। ਉਹ 2024 ਵਿਚ ਆਈ. ਪੀ. ਐੱਲ. ਖਿਤਾਬ ਜਿੱਤਣ ਵਾਲੀ ਨਾਈਟ ਰਾਈਡਰਜ਼ ਟੀਮ ਦਾ ਮੈਂਟੋਰ (ਮਾਰਗਦਰਸ਼ਕ) ਸੀ। ਗੰਭੀਰ ਨੇ 3 ਸਾਲ ਦੇ ਸ਼ਾਨਦਾਰ ਕਰੀਅਰ ਲਈ ਦ੍ਰਾਵਿੜ ਨੂੰ ਵਧਾਈ ਦਿੱਤੀ।
ਉਸ ਨੇ ਕਿਹਾ,‘‘ਆਪਣੇ ਤਿਰੰਗੇ, ਆਪਣੇ ਲੋਕਾਂ ਤੇ ਆਪਣੇ ਦੇਸ਼ ਦੀ ਸੇਵਾ ਕਰਨਾ ਸਨਮਾਨ ਦੀ ਗੱਲ ਹੈ। ਮੈਂ ਇਸ ਮੌਕੇ ’ਤੇ ਰਾਹੁਲ ਦ੍ਰਾਵਿੜ ਤੇ ਉਸਦੇ ਸਹਿਯੋਗੀ ਸਟਾਫ ਨੂੰ ਟੀਮ ਦੇ ਨਾਲ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਟੀਮ ਇੰਡੀਆ ਦੇ ਮੁੱਖ ਕੋਚ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਸਨਮਾਨਿਤ ਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।’’ ਗੰਭੀਰ ਨੇ ਕਿਹਾ ਕਿ ਉਹ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣ ਲਈ ਕ੍ਰਿਕਟ ਜਗਤ ਦੇ ਕੁਝ ਸ਼ਾਨਦਾਰ ਲੋਕਾਂ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ, ਜਿਨ੍ਹਾਂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਦਾ ਪ੍ਰਮੁੱਖ ਵੀ. ਵੀ. ਐੱਸ. ਲਕਸ਼ਮਣ ਵੀ ਸ਼ਾਮਲ ਹੈ। ਉਸ ਨੇ ਕਿਹਾ,‘‘ਆਪਣੇ ਖੇਡਣ ਦੇ ਦਿਨਾਂ ਤੋਂ ਹੀ ਭਾਰਤੀ ਜਰਸੀ ਪਹਿਨਣ ’ਤੇ ਮੈਨੂੰ ਹਮੇਸ਼ਾ ਮਾਣ ਹੁੰਦਾ ਸੀ ਤੇ ਜਦੋਂ ਮੈਂ ਇਹ ਨਵੀਂ ਭੂਮਿਕਾ ਨਿਭਾਵਾਂਗਾ ਤਾਂ ਇਹ ਉਸ ਤੋਂ ਵੱਖ ਨਹੀਂ ਹੋਵੇਗੀ।’’ ਗੰਭੀਰ ਨੇ ਕਿਹਾ, ‘‘ਕ੍ਰਿਕਟ ਮੇਰਾ ਜਨੂੰਨ ਹੈ ਤੇ ਬੀ. ਸੀ. ਸੀ. ਆਈ., ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਪ੍ਰਮੁੱਖ ਵੀ. ਵੀ. ਐੱਸ. ਲਕਸ਼ਮਣ, ਸਹਿਯੋਗੀ ਸਟਾਫ ਤੇ ਸਭ ਤੋਂ ਮਹੱਤਵਪੂਰਨ ਖਿਡਾਰੀਆਂ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਆਗਾਮੀ ਟੂਰਨਾਮੈਂਟਾਂ ਵਿਚ ਸਫਲਤਾ ਹਾਸਲ ਕਰਨ ਦੀ ਦਿਸ਼ਾ ਵਿਚ ਕੰਮ ਕਰਾਂਗੇ।’’


author

Aarti dhillon

Content Editor

Related News