ਗਾਂਗੁਲੀ ਨੇ ਦ੍ਰਾਵਿੜ-ਲਕਸ਼ਮਣ ਤੋਂ ਬਾਅਦ ਹੁਣ ਸਚਿਨ ਨੂੰ ਅਹਿਮ ਜ਼ਿੰਮੇਵਾਰੀ ਦੇਣ ਦੇ ਦਿੱਤੇ ਸੰਕੇਤ

Saturday, Dec 18, 2021 - 10:55 AM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਰਾਹੁਲ ਦ੍ਰਾਵਿੜ ਤੇ ਵੀ. ਵੀ. ਐੱਸ. ਲਕਸ਼ਮਣ ਤੋਂ ਬਾਅਦ ਸਚਿਨ ਤੇਂਦੁਲਕਰ ਨੂੰ ਵੀ ਅਹਿਮ ਜ਼ਿੰਮੇਵਾਰੀ ਦੇਣ ਦੇ ਸੰਕੇਤ ਦਿੱਤੇ ਹਨ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਭ ਕੁਝ ਸਚਿਨ ’ਤੇ ਨਿਰਭਰ ਕਰੇਗਾ। ਇਕ ਇੰਟਰਵਿਊ ਵਿਚ ਸੌਰਵ ਨੇ ਕਿਹਾ ਕਿ ਸਚਿਨ ਵੱਖ ਤਰ੍ਹਾਂ ਦੇ ਇਨਸਾਨ ਹਨ। ਉਹ ਸਾਰੀਆਂ ਚੀਜ਼ਾਂ ਵਿਚ ਪੈਣਾ ਨਹੀਂ ਚਾਹੁੰਦੇ। ਜੇ ਉਹ ਭਾਰਤੀ ਕ੍ਰਿਕਟ ਨਾਲ ਕਿਸੇ ਵੀ ਤਰ੍ਹਾਂ ਜੁੜਦੇ ਹਨ ਤਾਂ ਇਸ ਤੋਂ ਵੱਡੀ ਤੇ ਚੰਗੀ ਖ਼ਬਰ ਕੁਝ ਨਹੀਂ ਹੋ ਸਕਦੀ। ਉਨ੍ਹਾਂ ਨੂੰ ਕਿਸ ਤਰ੍ਹਾਂ ਸ਼ਾਮਲ ਕਰਨਾ ਹੈ ਇਹ ਦੇਖਣਾ ਪਵੇਗਾ ਕਿਉਂਕਿ ਹਿਤਾਂ ਦੇ ਟਕਰਾਅ ਦਾ ਮਾਮਲਾ ਰਹਿੰਦਾ ਹੈ। ਤੁਸੀਂ ਗ਼ਲਤ ਹੋਵੋ ਜਾਂ ਸਹੀ, ਤੁਸੀਂ ਕੁਝ ਵੀ ਕਰੋ, ਵਿਵਾਦ ਤੁਹਾਡੇ ਨਾਲ ਜੁੜ ਹੀ ਜਾਂਦਾ ਹੈ।

ਤੁਹਾਨੂੰ ਹਮੇਸ਼ਾ ਸਹੀ ਯੋਗਤਾ ਲੱਭਣੀ ਪਵੇਗੀ ਤੇ ਸਚਿਨ ਨੂੰ ਟੀਮ ਵਿਚ ਲਿਆਉਣ ਦਾ ਰਾਹ ਲੱਭਣਾ ਪਵੇਗਾ। ਜ਼ਿਕਰਯੋਗ ਹੈ ਕਿ ਸਚਿਨ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਲਈ ਮੇਂਟਰ ਦੇ ਰੂਪ ਵਿਚ ਕੰਮ ਕਰਦੇ ਹਨ। ਬੀ. ਸੀ. ਸੀ. ਆਈ. ਵਿਚ ਵੱਡੀ ਜ਼ਿੰਮੇਵਾਰੀ ਦਿੱਤੇ ਜਾਣ ਨਾਲ ਹਿਤਾਂ ਦੇ ਟਕਰਾਅ ਦਾ ਮੁੱਦਾ ਪੈਦਾ ਹੋ ਸਕਦਾ ਹੈ। ਸੌਰਵ ਦੀ ਅਗਵਾਈ ਵਾਲੇ ਬੀ. ਸੀ. ਸੀ. ਆਈ.  ਨੇ ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਤੇ ਵੀ. ਵੀ. ਐੱਸ.  ਲਕਸ਼ਮਣ ਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸੌਰਵ ਨੇ ਆਈ. ਪੀ. ਐੱਲ. ਦੇ ਮੀਡੀਆ ਅਧਿਕਾਰਾਂ ਰਾਹੀਂ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋ ਨਵੀਆਂ ਫਰੈਂਚਾਈਜ਼ੀਆਂ ਦੀ ਨਿਲਾਮੀ ਨਾਲ ਪਹਿਲਾਂ ਹੀ 12 ਹਜ਼ਾਰ ਕਰੋੜ ਦੀ ਕਮਾਈ ਹੋ ਚੁੱਕੀ ਹੈ। ਹੁਣ ਆਈ. ਪੀ. ਐੱਲ. ਦੇ 2022 ਸੈਸ਼ਨ ਲਈ ਮੀਡੀਆ ਅਧਿਕਾਰਾਂ ਰਾਹੀਂ 40 ਹਜ਼ਾਰ ਕਰੋੜ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ। ਇਸ ਬਾਬਤ ਜਲਦ ਟੈਂਡਰ ਕੱਢੇ ਜਾਣਗੇ।


Tarsem Singh

Content Editor

Related News