ਖਰਾਬ ਲੈਅ ਕਾਰਨ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਪੰਤ ਨੂੰ ਮਿਲਿਆ ਗਾਂਗੁਲੀ ਦਾ ਸਹਾਰਾ
Tuesday, Sep 24, 2019 - 12:36 PM (IST)

ਕੋਲਕਾਤਾ : ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਧਾਕੜ ਬੱਲੇਬਾਜ਼ ਰਹਿ ਚੁੱਕੇ ਸੌਰਵ ਗਾਂਗੁਲੀ ਨੇ ਇਨ੍ਹੀ ਦਿਨੀ ਖਰਾਬ ਫਾਰਮ ਕਾਰਨ ਆਲੋਚਕਾਂ ਦੇ ਨਿਸ਼ਾਨੇ 'ਤੇ ਆਏ ਰਿਸ਼ਭ ਪੰਤ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਸੌਰਵ ਗਾਂਗੁਲੀ ਨੇ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਖਿਡਾਰੀ ਭਵਿੱਖ ਵਿਚ ਟੀਮ ਇੰਡੀਆ ਦਾ ਐਕਸ ਫੈਕਟਰ ਬਣੇਗਾ। ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ, ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਵੀ ਇਸ ਬੱਲੇਬਾਜ਼ ਨੂੰ ਆਪਣੀ ਬੱਲੇਬਾਜ਼ੀ ਸੁਧਾਰਨ ਲਈ ਅਲਟੀਮੇਟਨ ਦੇ ਚੁੱਕੇ ਹਨ। ਗਾਂਗੁਲੀ ਨੇ ਕਿਹਾ ਕਿ ਰਿਸ਼ਭ ਪੰਤ ਮੈਚ ਵਿਨਰ ਹੈ।
ਰਿਸ਼ਭ ਪੰਤ ਨੂੰ ਅਜੇ ਖੇਡਣ ਦੇਣਾ ਚਾਹੀਦਾ ਹੈ ਨਾ ਕਿ ਉਸਦੀ ਹਰ ਇਕ ਮੈਚ ਤੋਂ ਬਾਅਦ ਆਲੋਚਨਾ ਕਰਨੀ ਚਾਹੀਦੀ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਰਿਸ਼ਭ ਪੰਤ ਭਾਰਤੀ ਟੀਮ ਦੇ ਭਵਿੱਖ ਵਿਚ ਐਕਸ ਫੈਕਟਰ ਸਾਬਤ ਹੋਣਗੇ। ਸਾਬਕਾ ਕਪਤਾਨ ਨੇ ਇਕ ਕ੍ਰਿਕਟ ਵੈਬਸਾਈਟ ਨਾਲ ਗੱਲ ਕਰਦਿਆਂ ਕਿਹਾ, ''ਮੇਰਾ ਮੰਨਣਾ ਹੈ ਕਿ ਭਾਰਤੀ ਟੀਮ ਮਜ਼ਬੂਤ ਅਤੇ ਸ਼ਕਤੀਸ਼ਾਲੀ ਹਨ। ਮੈਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਟੀਮ ਇੰਡੀਆ ਦਾ ਐਕਸ ਫੈਕਟਰ ਨਹੀਂ ਦੱਸਾਂਗਾ ਕਿਉਂਕਿ ਉਹ ਪਹਿਲਾਂ ਤੋਂ ਹੀ ਦਮਦਾਰ ਖਿਡਾਰੀ ਹਨ। ਮੈਂ ਭਵਿੱਖ ਦੇ ਬਾਰੇ ਸੋਚ ਰਿਹਾ ਹਾਂ, ਜੋ ਅੱਗੇ ਚੱਲ ਕੇ ਟੀਮ ਇੰਡੀਆ ਦਾ ਐਕਸ ਫੈਕਟਰ ਹੋਣਗੇ, ਉਹ ਰਿਸ਼ਭ ਪੰਤ ਹੋਣਗੇ।''