ਗੰਭੀਰ ਦਾ ਹਾਰਦਿਕ ਦੇ T-20 WC 'ਚ ਗੇਂਦਬਾਜ਼ੀ ਕਰਨ ਬਾਰੇ ਤਲਖ਼ ਰਵੱਈਆ, ਰੱਖੀ ਇਹ ਅਹਿਮ ਸ਼ਰਤ
Monday, Oct 18, 2021 - 05:51 PM (IST)
ਦੁਬਈ- ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ ਹਰਫਨਮੌਲਾ ਹਾਰਦਿਕ ਪੰਡਯਾ ਟੀ-20 ਵਰਲਡ ਕੱਪ 'ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਆਖ਼ਰੀ ਪਲੇਇੰਗ ਇਲੈਵਨ ਦਾ ਹਿੱਸਾ ਉਦੋਂ ਹੀ ਹੋ ਸਕਦੇ ਹਨ ਜਦੋਂ ਉਹ ਅਭਿਆਸ ਮੈਚਾਂ 'ਚ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਨ 'ਚ ਸਮਰਥ ਹੋਣ। ਪੰਡਯਾ ਦੀ 2019 'ਚ ਪਿੱਠ ਦੀ ਸਰਜਰੀ ਹੋਈ ਸੀ ਜਿਸ ਤੋਂ ਬਾਅਦ ਉਹ ਭਾਰਤ ਤੇ ਆਪਣੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀਮ ਮੁੰਬਈ ਇੰਡੀਅਨਜ਼ ਲਈ ਨਿਯਮਿਤ ਤੌਰ 'ਤੇ ਗੇਂਦਬਾਜ਼ੀ ਨਹੀਂ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਰਤੀ ਟੀਮ ਦੇ ਮੁੱਖ ਕੋਚ ਦੇ ਵੱਖ-ਵੱਖ ਅਹੁਦਿਆਂ ’ਤੇ ਨਿਕਲੀ ਭਰਤੀ
ਹਾਰਦਿਕ ਨੂੰ ਟੀ-20 ਵਰਲਡ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ 'ਚ ਬੱਲੇਬਾਜ਼ੀ ਆਲਰਾਊਂਡਰ ਦੇ ਰੂਪ 'ਚ ਚੁਣਿਆ ਗਿਆ ਸੀ, ਪਰ ਜਿਵੇਂ-ਜਿਵੇਂ ਇਹ ਸਪੱਸ਼ਟ ਹੁੰਦਾ ਗਿਆ ਕਿ ਉਹ ਇਸ ਟੂਰਨਾਮੈਂਟ ਦੇ ਦੌਰਾਨ ਗੇਂਦਬਾਜ਼ੀ ਕਰਨ 'ਚ ਸਮਰਥ ਨਹੀਂ ਹੋਣਗੇ ਤਾਂ ਚੋਣਕਰਤਾਵਾਂ ਨੇ ਅਕਸ਼ਰ ਪਟੇਲ ਨੂੰ 15 ਮੈਂਬਰੀ ਟੀਮ ਤੋਂ ਬਾਹਰ ਕਰਕੇ ਤੇਜ਼ ਗੇਂਦਬਾਜ਼ੀ ਵਿਭਾਗ ਨੂੰ ਮਜ਼ਬੂਤ ਕਰਨ ਲਈ ਸ਼ਾਰਦੁਲ ਠਾਕੁਰ ਨੂੰ ਉਸ 'ਚ ਸ਼ਾਮਲ ਕੀਤਾ।
ਗੰਭੀਰ ਨੇ ਕਿਹਾ ਕਿ ਮੇਰੇ ਲਈ ਹਾਰਦਿਕ ਪੰਡਯਾ ਆਖ਼ਰੀ ਗਿਆਰਾਂ 'ਚ ਉਦੋਂ ਹੀ ਸ਼ਾਮਲ ਹੋਣਗੇ ਜਦੋਂ ਉਹ ਦੋਵੇਂ ਅਭਿਆਸ ਮੈਚਾਂ 'ਚ ਸਹੀ ਗੇਂਦਬਾਜ਼ੀ ਕਰਨ 'ਚ ਸਮਰਥ ਹੋਣਗੇ। ਨੈੱਟ ਸੈਸ਼ਨ 'ਚ ਗੇਂਦਬਾਜ਼ੀ ਕਰਨ ਤੇ ਬਾਬਰ ਆਜ਼ਮ ਜਿਹੇ ਬਿਹਤਰੀਨ ਬੱਲੇਬਾਜ਼ਾਂ ਖ਼ਿਲਾਫ਼ ਤੇ ਉਹ ਵੀ ਵਰਲਡ ਕੱਪ 'ਚ ਗੇਂਦਬਾਜ਼ੀ ਕਰਨਾ ਦੋਵੇਂ ਗੱਲਾਂ 'ਚ ਬਹੁਤ ਫ਼ਰਕ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਪਹਿਲੇ ਟੈਸਟ ਕਪਤਾਨ ਬਾਂਦੁਲਾ ਵਰਣਪੁਰਾ ਦਾ ਹੋਇਆ ਦਿਹਾਂਤ
ਵਰਲਡ ਕੱਪ ਜੇਤੂ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਹਾਰਦਿਕ ਨੂੰ ਅਭਿਆਸ ਮੈਚਾਂ ਤੇ ਨੈੱਟਸ 'ਚ ਗੇਂਦਬਾਜ਼ੀ ਕਰਨੀ ਹੋਵੇਗੀ। ਉਸ ਨੂੰ 100 ਫ਼ੀਸਦੀ ਗੇਂਦਬਾਜ਼ੀ ਕਰਨੀ ਹੁੰਦੀ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਤਸੀਂ ਮੈਦਾਨ 'ਤੇ 115-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰੋਗੇ ਤਾਂ ਮੈਂ ਇਹ ਜੋਖ਼ਮ ਨਹੀਂ ਲਵਾਂਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।