ਵਰਲਡ ਕੱਪ 2011 ਦੀ ਜਿੱਤ ’ਤੇ ਗੰਭੀਰ ਦਾ ਬਿਆਨ, ਸਿਰਫ ਧੋਨੀ ਦੇ ਛੱਕੇ ਨਾਲ ਨਹੀਂ ਜਿੱਤੇ

04/02/2020 3:41:32 PM

ਨਵੀਂ ਦਿੱਲੀ : ਭਾਰਤ ਦੇ ਸਾਹਮਣੇ 275 ਦੌੜਾਂ ਦਾ ਚੁਣੌਤੀਪੂਰਨ ਟੀਚਾ ਸੀ ਅਤੇ ਉਸ ਦੇ ਦੋਵੇਂ ਧਾਕੜ ਸਲਾਮੀ ਬੱਲੇਬਾਜ਼ 7ਵੇਂ ਓਵਰ ਤਕ ਪਵੇਲੀਅਨ ਪਰਤ ਚੁੱਕੇ ਸੀ। ਅਜਿਹੇ ’ਚ ਨਿਭਾਈ ਜਾਂਦੀ ਹੈ 2 ਮਹੱਤਵਪੂਰਨ ਸਾਂਝੇਦਾਰੀਆਂ ਜਿਸ ਦੇ ਦਮ ’ਤੇ ਅੱਜ ਤੋਂ ਠੀਕ 9 ਸਾਲ ਪਹਿਲਾਂ ਭਾਰਤ ਦੂਜੀ ਵਾਰ ਵਰਲਡ ਚੈਂਪੀਅਨ ਬਣਨ ਵਿਚ ਸਫਲ ਰਿਹਾ ਸੀ। ਉਹ 2 ਅਪ੍ਰੈਲ 2011 ਦਾ ਦਿਨ ਸੀ। ਜਗ੍ਹਾ ਸੀ ਮੁੰਬਈ ਦਾ ਵਾਨਖੇੜੇ ਸਟੇਡੀਅਮ ਅਤੇ ਭਾਰਤ ਦੇ ਸਾਹਮਣੇ ਖਿਤਾਬੀ ਮੁਕਾਬਲੇ ਵਿਚ ਖੜਾ ਸੀ ਸ਼੍ਰੀਲੰਕਾ ਜੋ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ’ਤੇ 274 ਦੌੜਾਂ ਸਕੋਰ ਬਣਾਉਂਦਾ ਹੈ। ਮਹੇਲਾ  ਜੈਵਰਧਨੇ ਅਜੇਤੂ 103 ਦੌੜਾਂ ਦੀ ਸਾਨਦਾਰੀ ਪਾਰੀ ਖੇਡਦੇ ਹਨ। ਮਤਲਬ ਭਾਰਤ ਨੂੰ ਜੇਕਰ 1983 ਤੋਂ ਬਾਅਦ ਫਿਰ ਚੈਂਪੀਅਨ ਬਣਨਾ ਹੈ ਤਾਂ ਉਸ ਨੂੰ ਵਰਲਡ ਕੱਪ ਫਾਈਨਲ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਬਣਾਉਣਾ ਹੋਵੇਗਾ ਪਰ ਇਹ ਕੀ? ਵਰਿੰਦਰ ਸਹਿਵਾਗ ਪਾਰੀ ਦੀ ਦੂਜੀ ਗੇਂਦ ’ਤੇ ਹੀ ਪਵੇਲੀਅਨ ਪਰਤ ਜਾਂਦੇ ਹਨ। ਲਸਿਥ ਮਲਿੰਗਾ ਇਸ ਤੋਂ ਬਾਅਦ ਸਚਿਨ ਨੂੰ ਵੀ ਵਿਕਟ ਦੇ ਪਿੱਛੇ ਕੈਚ ਕਰਵਾ ਦਿੰਦੇ ਹਨ। ਭਾਰਤ ਦਾ ਸਕੋਰ ਹੋ ਜਾਂਦਾ ਹੈ 2 ਵਿਕਟਾਂ ’ਤੇ 31 ਦੌੜਾਂ। ਗੌਤਮ ਗੰਭੀਰ (97) ਨੇ ਇਕ ਪਾਸੇ ਪਾਰੀ ਸੰਭਾਲੀ ਰੱਖੀ। ਉਹ ਵਿਰਾਟ ਕੋਹਲੀ (35) ਦੇ ਨਾਲ 15.3 ਓਵਰਾਂ ਵਿਚ 83 ਦੌੜਾਂ ਦੀ ਸਾਂਝੇਦਾਰੀ ਨਿਭਾਉਂਦੇ ਹਨ ਅਤੇ ਫਿਰ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 91) ਦੇ ਨਾਲ ਚੌਥੀ ਵਿਕਟ ਦੇ ਲਈ 19.4 ਓਵਰਾਂ ਵਿਚ 109 ਦੌੜਾਂ ਜੋੜਦੇ ਹਨ। ਇਨ੍ਹਾਂ ਦੋਵਾਂ ਸਾਂਝੇਦਾਰੀਆਂ ਵਿਚ ਵੀ 8 ਵਾਰ ਹੀ ਗੇਂਦ ਬਾਊਂਡਰੀ ਲਾਈਨ ਪਾਰ ਕਰ ਸਕੀ ਸੀ  ਪਰ ਤਦ ਵੀ ਭਾਰਤ ਨੇ 5.54 ਦੀ ਰਨ ਰੇਟ ਬਣਾ ਕੇ ਰੱਖੀ ਸੀ। ਅਖੀਰ ਵਿਚ ਧੋਨਾ ਦਾ ਨੁਵਾਨ ਕੁਲਸ਼ੇਖਰਾ ਦੀ ਗੇਂਦ ’ਤੇ ਲਗਾਇਆ ਗਿਆ ਛੱਕਾ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਦਿਲ ’ਚ ਹਮੇਸ਼ਾ ਲਈ ਵਸ ਗਿਆ। ਇਸ ਛੱਕੇ ਨਾਲ ਭਾਰਤ ਵਰਲਡ ਕੱਪ ਫਾਈਨਲ ਵਿਚ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਦਰਜ ਕਰਨ ਵਾਲੀ ਤੀਜੀ ਟੀਮ ਬਣ ਗਈ ਸੀ। 

ਇਸ ਛੱਕੇ ਦਾ ਅੱਜ ਵੀ ਜ਼ਿਕਰ ਹੁੰਦਾ ਹੈ ਪਰ ਗੰਭੀਰ ਦਾ ਮੰਨਣਾ ਹੈ ਕਿ ਅਜਿਹਾ ਟੀਮ ਦੇ ਹੋਰ ਸਾਥੀਆਂ ਦੀਆਂ ਜਿੱਤ ਲਈ ਕੀਤੀਆਂ ਕੋਸ਼ਿਸ਼ਾਂ ਦੇ ਨਾਲ ਸਹੀ ਨਹੀਂ ਹੋਵੇਗਾ। ਗੰਭੀਰ ਨੇ ਵੀਰਵਾਰ ਨੂੰ ਈ. ਐੱਸ. ਪੀ. ਐੱਨ. ਕ੍ਰਿਕ ਇਨਫੋ ਦੇ ਇਸ ਛੱਕੇ ਨੂੰ ਲੈ ਕੇ ਕੀਤੇ ਗਏ ਟਵੀਟ ’ਤੇ ਜਵਾਬ ਦਿੱਤਾ। ਗੰਭੀਰ ਨੇ ਲਿਖਿਆ, ‘‘ਵਰਲਡ ਕੱਪ 2011 ਪੂਰੇ ਭਾਰਤ ਨੇ, ਪੂਰੀ ਭਾਰਤੀ ਟੀਮ ਅਤੇ ਸਾਰੇ ਸਹਿਯੋਗੀ ਸਟਾਫ ਨੇ ਜਿੱਤਿਆ ਸੀ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਇਸ ਛੱਕੇ ਦੇ ਪ੍ਰਤੀ ਮੋਹ ਤਿਆਗ ਦਵੋ।’’ ਇਸ ਵਰਲਡ ਕੱਪ ਦੇ ਨਾਲ ਹੀ ਤੇਂਦੁਲਕਰ ਦਾ ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਵੀ ਪੂਰਾ ਹੋ ਗਿਆ ਸੀ।

PunjabKesari


Ranjit

Content Editor

Related News