ਗੰਭੀਰ ਦੀ ਮੰਗ : ਯੁਵਰਾਜ ਸਿੰਘ ਨੂੰ ਵੀ ਮਿਲਨਾ ਚਾਹਦੈ ਸਚਿਨ ਵਰਗਾ ਇਹ ਵੱਡਾ ਸਨਮਾਨ

09/23/2019 2:00:07 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਪੂਰਬੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਯੁਵਰਾਜ ਨੂੰ ਬੇਸ਼ਕੀਮਤੀ ਕ੍ਰਿਕਟਰ ਦੱਸਿਆ ਹੈ। ਗੰਭੀਰ ਨੇ ਬੀ. ਸੀ. ਸੀ. ਆਈ. ਤੋਂ ਮੰਗ ਕੀਤੀ ਹੈ ਕਿ ਉਸ ਨੂੰ ਯੁਵਰਾਜ ਦੀ ਜਰਸੀ ਨੰਬਰ 12 ਨੂੰ ਰਿਟਾਇਰ ਕਰ ਦੇਣਾ ਚਾਹੀਦਾ ਹੈ। ਗੰਭੀਰ ਮੁਤਾਬਕ ਯੁਵਰਾਜ ਇਸ ਸਨਮਾਨ ਦੇ ਹੱਕਦਾਰ ਹਨ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਦੀ ਜਰਸੀ ਨੰਬਰ 10 ਨੂੰ ਬੀ. ਸੀ. ਸੀ. ਆਈ. ਨੇ ਰਿਟਾਇਰ ਕਰ ਦਿੱਤਾ ਹੈ।

ਬੀ. ਸੀ. ਸੀ. ਆਈ. ਯੁਵਰਾਜ ਦੀ ਜਰਸੀ ਕਰੇ ਰਿਟਾਇਰ
PunjabKesari
ਇਕ ਅੰਗਰੇਜ਼ੀ ਅਖਬਾਰ ਵਿਚ ਲਿਖੇ ਆਪਣੇ ਕਾਲਮ ਵਿਚ ਗੰਭੀਰ ਨੇ ਕਿਹਾ, ''ਸਤੰਬਰ ਦਾ ਮਹੀਨਾ ਮੇਰੇ ਲਈ ਬੇਹੱਦ ਖਾਸ ਹੈ। ਇਸ ਮਹੀਨੇ ਵਿਚ ਅਸੀਂ 2007 ਵਿਚ ਟੀ-20 ਵਰਲਡ ਕੱਪ ਜਿੱਤਿਆ ਸੀ। ਯੁਵਰਾਜ ਸਿੰਘ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਸਾਲ 2011 ਦੇ ਵਨ ਡੇ ਵਰਲਡ ਕੱਪ ਵਿਚ ਯੁਵਰਾਜ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਬੀ. ਸੀ. ਸੀ. ਆਈ. ਤੋਂ ਮੰਗ ਕਰਾਂਗਾ ਕਿ ਉਸਦੀ ਜਰਸੀ ਨੰਬਰ 12 ਨੂੰ ਰਿਟਾਇਰ ਕਰ ਦਿੱਤਾ ਜਾਵੇ। ਯੁਵਰਾਜ ਸਿੰਘ ਵਰਗੇ ਧਾਕੜ ਕ੍ਰਿਕਟਰ ਲਈ ਇਹ ਸਹੀ ਸਨਮਾਨ ਹੋਵੇਗਾ।''

12 ਗੇਂਦਾਂ 'ਚ 50 ਦੌੜਾਂ ਬਣਾਉਣ ਵਾਲੇ ਪਹਿਲੇ ਕ੍ਰਿਕਟਰ
PunjabKesari
ਗੌਤਮ ਗੰਭੀਰ ਨੇ ਅੱਗੇ ਲਿਖਿਆ, ''ਯੁਵਰਾਜ ਸਿੰਘ ਨੇ 2007 ਟੀ-20 ਵਰਲਡ ਕੱਪ ਦੀਆਂ 5 ਪਾਰੀਆਂ ਵਿਚ 148 ਦੌੜਾਂ ਬਣਾਈਆਂ ਸੀ। ਉਸਦਾ ਸਟ੍ਰਾਈਕ ਰੇਟ 195 ਰਿਹਾ ਸੀ। ਉਸਨੇ ਇੰਗਲੈਂਡ ਖਿਲਾਫ ਮੈਚ ਵਿਚ 12 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ ਸੀ। ਯੁਵਰਾਜ ਸਿੰਘ ਨੇ ਇਸੇ ਮੈਚ ਵਿਚ ਸਟੁਅਰਟ ਬ੍ਰਾਡ ਨੂੰ 6 ਗੇਂਦਾਂ ਵਿਚ 6 ਛੱਕੇ ਲਗਾਏ ਸੀ, ਜੋ ਕਿ ਇਕ ਵਰਲਡ ਰਿਕਾਰਡ ਹੈ ਅਤੇ ਅਜਿਹਾ ਕਰਨ ਵਾਲੇ ਯੁਵਰਾਜ ਪਹਿਲੇ ਬੱਲੇਬਾਜ਼ ਹਨ। ਇਸ ਤੋਂ ਬਾਅਦ ਭਾਰਤੀ ਟੀਮ ਨੇ ਫਾਈਨਲ ਵਿਚ ਪਾਕਿਸਤਾਨ ਨੂੰ ਹਰਾ ਕੇ 2007 ਟੀ-20 ਵਰਲਡ ਕੱਪ ਆਪਣੇ ਨਾਂ ਕੀਤਾ ਸੀ।''

ਜਰਸੀ ਨੰਬਰ ਰਿਟਾਇਰ ਕਰਨ ਦਾ ਮਤਲਬ
PunjabKesari

ਬੀ. ਸੀ. ਸੀ. ਆਈ. ਵੱਲੋਂ ਜਰਸੀ ਨੰਬਰ ਰਿਟਾਇਰ ਕਰਨ ਦਾ ਮਤਲਬ ਹੁੰਦਾ ਹੈ ਕਿ ਭਵਿਖ ਵਿਚ ਕੋਈ ਹੋਰ ਭਾਰਤੀ ਖਿਡਾਰੀ ਉਸ ਜਰਸੀ ਨੰਬਰ ਨਾਲ ਨਹੀਂ ਖੇਡ ਸਕੇਗਾ। ਭਾਰਤੀ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਜਰਸੀ ਨੰਬਰ 10 ਵੀ ਬੀ. ਸੀ. ਸੀ. ਆਈ. ਵੱਲੋਂ ਰਿਟਾਇਰ ਕੀਤਾ ਜਾ ਚੁੱਕਾ ਹੈ। ਇਸ ਨੂੰ ਵੀ ਬੀ. ਸੀ. ਸੀ. ਆਈ. ਵੱਲੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ। ਸਾਲ 2011 ਵਿਚ ਖੇਡੇ ਗਏ ਵਨ ਡੇ ਵਰਲਡ ਕੱਪ ਵਿਚ ਵੀ ਯੁਵਰਾਜ ਸਿੰਘ ਨੇ ਗੇਂਦ ਅਤੇ ਬੱਲੇ ਨਾਲ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ। ਇਸ ਵਰਲਡ ਕੱਪ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ ਫਾਈਨਲ ਵਿਚ 6 ਵਿਕਟਾਂ ਨਾਲ ਹਰਾ ਕੇ 28 ਸਾਲ ਬਾਅਦ ਵਨ ਡੇ ਵਰਲਡ ਕੱਪ ਆਪਣੇ ਨਾਂ ਕੀਤਾ ਸੀ। ਯੁਵਰਾਜ ਨੇ ਵਰਲਡ ਕੱਪ ਦੇ 9 ਮੈਚਾਂ ਵਿਚ 362 ਦੌੜਾਂ ਤੋਂ ਇਲਾਵਾ 15 ਵਿਕਟਾਂ ਵੀ ਹਾਸਲ ਕੀਤੀਆਂ ਸੀ। ਉਸ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ 'ਮੈਨ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਸੀ।

PunjabKesari


Related News