ਗੰਭੀਰ ਦੀ ਤਨਖਾਹ ਦੇ ਕਰਾਰ ’ਤੇ ਅਜੇ ਹਸਤਾਖਰ ਨਹੀਂ

Thursday, Jul 11, 2024 - 01:48 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਤੌਰ ’ਤੇ ਗੌਤਮ ਗੰਭੀਰ ਦੀ ਨਿਯੁਕਤੀ ਦੀਆਂ ਵਿੱਤੀ ਰਸਮਾਂ ਅਜੇ ਪੂਰੀਆਂ ਕੀਤੀਆਂ ਜਾਣੀਆਂ ਬਾਕੀ ਹਨ ਪਰ ਇਸ ਸਮੇਂ ਉਸ ਦੇ ਲਈ ਸਭ ਤੋਂ ਅਹਿਮ ਚੀਜ਼ 3 ਸਾਲ ਦੇ ਕਾਰਜਕਾਲ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹੋਣ ਦੇ ਮੱਦੇਨਜ਼ਰ ਮਨਪਸੰਦ ਸਹਿਯੋਗੀ ਸਟਾਫ ਰੱਖਣਾ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਅਧਿਕਾਰਿਕ ਤੌਰ ’ਤੇ ਗੰਭੀਰ ਦੀ ਨਿਯੁਕਤੀ ਦਾ ਐਲਾਨ ਕੀਤਾ, ਜਿਸ ਦਾ ਲੰਮੇ ਸਮੇਂ ਤੋਂ ਅਨੁਮਾਨ ਲਗਾਇਆ ਜਾ ਰਿਹਾ ਸੀ। ਹਾਲਾਂਕਿ ਪਤਾ ਲੱਗਾ ਹੈ ਕਿ ਉਸ ਦੀ ਤਨਖਾਹ ਅਜੇ ਤੈਅ ਕੀਤੀ ਜਾਣੀ ਬਾਕੀ ਹੈ। ਜਦਕਿ ਇਹ ਪਹਿਲੇ ਕੋਚਾਂ ਰਾਹੁਲ ਦ੍ਰਾਵਿੜ ਅਤੇ ਰਵੀ ਸ਼ਾਸ਼ਤਰੀ ਦੇ ਬਰਾਬਰ ਹੋਣ ਦੀ ਉਮੀਦ ਹੈ।

ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਗੌਤਮ ਲਈ ਜ਼ਿੰਮੇਵਾਰੀ ਸੰਭਾਲਨੀ ਜ਼ਿਆਦਾ ਮਹੱਤਵਪੂਰਨ ਸੀ। ਤਨਖਾਹ ਅਤੇ ਹੋਰ ਚੀਜ਼ਾਂ ’ਤੇ ਕੰਮ ਬਾਅਦ ’ਚ ਵੀ ਕੀਤਾ ਜਾ ਸਕਦਾ ਹੈ। ਇਹ 2014 ’ਚ ਰਵੀ ਸ਼ਾਸ਼ਤਰੀ ਵਰਗਾ ਮਾਮਲਾ ਹੀ ਹੈ, ਜਿਸ ’ਚ ਉਸ ਨੂੰ ਪਹਿਲੀ ਵਾਰ ਮੁੱਖ ਕੋਚ ਡੰਕਨ ਫਲੇਚਰ ਦੀ ਥਾਂ ਕ੍ਰਿਕਟ ਡਾਇਰੈਕਟਰ ਬਣਾਇਆ ਗਿਆ ਸੀ। ਗੌਤਮ ਦੇ ਮਾਮਲੇ ’ਚ ਵੀ ਕੁਝ ਬਾਰੀਕੀਆਂ ’ਤੇ ਕੰਮ ਜਾਰੀ ਹੈ। ਉਸ ਦੀ ਤਨਖਾਹ ਰਾਹੁਲ ਦ੍ਰਾਵਿੜ ਦੇ ਬਰਾਬਰ ਹੀ ਹੋਵੇਗੀ। ਪਤਾ ਲੱਗਾ ਹੈ ਕਿ ਗੰਭੀਰ ਨੂੰ ਕੰਮ ਕਰਨ ਲਈ ਆਪਣੀ ਟੀਮ ਮਿਲੇਗੀ, ਜੋ ਐੱਨ. ਸੀ. ਏ. (ਰਾਸ਼ਟਰੀ ਕ੍ਰਿਕਟ ਅਕੈਡਮੀ) ਦੇ ਕੋਚਾਂ ਨਾਲ ਮਿਲ ਕੇ ਕੰਮ ਕਰੇਗੀ।


Tarsem Singh

Content Editor

Related News