ਫ੍ਰੈਂਚ ਚੈੱਸ ਲੀਗ : ਹਰਿਕ੍ਰਿਸ਼ਣਾ ਦੀ ਜੇਤੂ ਸ਼ੁਰੂਆਤ
Monday, May 20, 2019 - 11:46 PM (IST)

ਬ੍ਰੇਸਟ (ਨਿਕਲੇਸ਼ ਜੈਨ)— ਫਰਾਂਸ ਵਿਚ ਸ਼ੁਰੂ ਹੋਈ ਫ੍ਰੈਂਚ ਲੀਗ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਸ਼ਾਨਦਾਰ 2 ਜਿੱਤਾਂ ਨਾਲ ਚੰਗੀ ਸ਼ੁਰੂਆਤ ਕੀਤੀ। ਅਸਨੀਰੇਸ ਕਲੱਬ ਵਲੋਂ ਖੇਡਦੇ ਹੋਏ ਹਰਿਕ੍ਰਿਸ਼ਣਾ ਨੇ ਆਪਣੇ ਮੁਕਾਬਲੇ ਵਿਚ ਹੰਗਰੀ ਦੇ ਗ੍ਰੈਂਡਮਾਸਟਰ ਬੇਲੋਘ ਕਸਬਾ ਨੂੰ ਹਰਾਇਆ। ਇਟਾਲੀਅਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਹਰਿਕ੍ਰਿਸ਼ਣਾ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਸਿਰਫ 37 ਚਾਲਾਂ ਵਿਚ ਜਿੱਤ ਦਰਜ ਕੀਤੀ। ਦੂਜੇ ਮੈਚ ਵਿਚ ਉਸ ਨੇ ਬੈਲਜੀਅਮ ਦੇ ਗੋਡਾਰਟ ਫ੍ਰੇਂਕੋਇਸ ਨੂੰ ਵੀ ਹਰਾਉਂਦਿਆਂ ਆਪਣੀ ਟੀਮ ਨੂੰ ਦੂਜਾ ਮਹੱਤਵਪੂਰਣ ਅੰਕ ਦਿਵਾਇਆ।
ਇੰਗਲਿਸ਼ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਲਗਭਗ ਡਰਾਅ ਹੋਣ ਜਾ ਰਹੇ ਮੈਚ ਵਿਚ ਆਪਣੇ ਸ਼ਾਨਦਾਰ ਹਾਥੀ ਦੇ ਐਂਡਗੇਮ ਦੇ ਦਮ 'ਤੇ 42 ਚਾਲਾਂ ਵਿਚ ਜਿੱਤ ਦਰਜ ਕਰਦਿਆਂ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰੱਖਿਆ।
ਪਿਛਲੇ 2 ਮਹੀਨਿਆਂ ਵਿਚ ਹਰਿਕ੍ਰਿਸ਼ਣਾ ਨੇ ਬੇਹੱਦ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਪਹਿਲਾਂ ਚੀਨ ਦੇ ਸ਼ੇਨਜੇਨ ਮਾਸਟਰਸ ਵਿਚ ਤੇ ਫਿਰ ਸਵੀਡਨ ਦੇ ਤੇਪੇ ਸਿਗਮੇਨ ਵਿਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਹੁਣ ਉਹ ਫ੍ਰੈਂਚ ਲੀਗ ਵਿਚ ਆਪਣਾ ਕਮਾਲ ਦਿਖਾ ਰਿਹਾ ਹੈ। ਇਨ੍ਹਾਂ ਦੋਵਾਂ ਜਿੱਤਾਂ ਨਾਲ ਹਰਿਕ੍ਰਿਸ਼ਣਾ 2737 ਅੰਕਾਂ ਦੇ ਨਾਲ ਲਾਈਵ ਰੇਟਿੰਗ ਵਿਚ ਵਿਸ਼ਵ ਵਿਚ 21ਵੇਂ ਸਥਾਨ 'ਤੇ ਪਹੁੰਚ ਗਿਆ ਹੈ।