ਦਿੱਲੀ ਕੈਪੀਟਲਸ 'ਚ ਮਿਲੀ ਆਜ਼ਾਦੀ ਨਾਲ ਮੇਰਾ ਪ੍ਰਦਰਸ਼ਨ ਬਿਹਤਰ ਹੋਇਆ : ਕੁਲਦੀਪ ਯਾਦਵ
Monday, Apr 25, 2022 - 07:23 PM (IST)
ਮੁੰਬਈ- ਦਿੱਲੀ ਕੈਪੀਟਲਸ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਇਸ ਸੀਜ਼ਨ 'ਚ ਦਿੱਲੀ ਲਈ ਬਿਹਤਰੀਨ ਗੇਂਦਬਾਜ਼ੀ ਕਰ ਰਹੇ ਹਨ। ਕੋਲਕਾਤਾ ਨਾਈਟ ਰਾਈਡਰਜ਼ ਤੋਂ ਰਿਲੀਜ਼ ਕੀਤੇ ਜਾਣ ਦੇ ਬਾਅਦ ਕੁਲਦੀਪ ਯਾਦਵ ਨੂੰ ਇਸ ਸਾਲ ਨਿਲਾਮੀ 'ਚ ਦਿੱਲੀ ਕੈਪੀਟਲਸ ਨੇ ਖ਼ਰੀਦਿਆ। ਅਜੇ ਤਕ ਕੁਲਦੀਪ ਯਾਦਵ ਨੇ ਦਿੱਲੀ ਕੈਪੀਟਲਸ ਦੇ ਫ਼ੈਸਲੇ ਨੂੰ ਬਿਲਕੁਲ ਸਹੀ ਸਾਬਤ ਕੀਤਾ ਹੈ। ਉਹ ਇਸ ਸੀਜ਼ਨ 'ਚ ਅਜੇ ਤਕ 13 ਵਿਕਟ ਆਪਣੇ ਨਾਂ ਕਰ ਚੁੱਕੇ ਹਨ। 28 ਅਪ੍ਰੈਲ ਨੂੰ ਕੁਲਦੀਪ ਆਪਣੀ ਪੁਰਾਣੀ ਫ੍ਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਕੈਪੀਟਲਸ ਦੇ ਪਾਡਕਾਸਟ 'ਚ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਹੀ।
ਇਹ ਵੀ ਪੜ੍ਹੋ : Monty Panesar Birthday : ਇੰਗਲੈਂਡ ਦੇ ਸਪਿਨਰ ਦੇ ਇਹ 3 ਵਿਵਾਦਤ ਕਿੱਸੇ, ਜਾਣੋ ਇਨ੍ਹਾਂ ਬਾਰੇ
ਕੁਲਦੀਪ ਨੇ ਦਿੱਲੀ ਕੈਪੀਟਲਸ ਦੇ ਟੀਮ ਪ੍ਰਬੰਧਨ ਦੇ ਨਾਲ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਕੋਚ ਰਿਕੀ ਪੋਂਟਿੰਗ, ਸਹਾਇਕ ਕੋਚ ਸ਼ੇਨ ਵਾਟਸਨ ਸਮੇਤ ਤਮਾਮ ਲੋਕਾਂ ਦੀ ਖ਼ੂਬ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਕੈਪੀਟਲਸ 'ਚ ਖ਼ੁਦ ਨੂੰ ਪ੍ਰਗਟਾਉਣ ਦੀ ਆਜ਼ਾਦੀ ਮਿਲੀ ਹੈ ਤੇ ਉਨ੍ਹਾਂ ਦੀ ਖੇਡ 'ਚ ਆਏ ਨਿਖਾਰ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਵੀ ਇਹੋ ਆਜ਼ਾਦੀ ਹੈ। ਕੁਲਦੀਪ ਨੇ ਕਿਹਾ, 'ਜਦੋਂ ਤੁਹਾਨੂੰ ਖ਼ੁਦ ਨੂੰ ਪ੍ਰਗਟਾਉਣ ਦੀ ਆਜ਼ਾਦੀ ਮਿਲਦੀ ਹੈ, ਤਾਂ ਤੁਸੀਂ ਹਰ ਚੀਜ਼ ਦਾ ਆਨੰਦ ਲੈਣ ਲਗਦੇ ਹੋ।
ਜਦੋਂ ਮੈਂ ਦਿੱਲੀ ਕੈਪੀਟਲਸ ਦੇ ਨਾਲ ਆਪਣੇ ਅਭਿਆਸ ਸੈਸ਼ਨ ਦੇ ਦੌਰਾਨ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਬਹੁਤ ਚੰਗੀ ਗੇਂਦਬਾਜ਼ੀ ਕਰ ਰਿਹਾ ਹਾਂ ਤੇ ਉਹ ਮੈਨੂੰ ਸਾਰੇ 14 ਲੀਗ ਮੈਚਾਂ 'ਚ ਦਿੱਲੀ ਕੈਪੀਟਲਸ ਲਈ ਖੇਡਦੇ ਹੋਏ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੇ ਨਾਲ ਹੋਈ ਉਸ ਗੱਲਬਾਤ ਨੇ ਮੈਨੂੰ ਬਹੁਤ ਪ੍ਰੇਰਿਆ।' ਕੁਲਦੀਪ ਨੇ ਆਪਣੇ ਪਹਿਲੇ ਟ੍ਰੇਨਿੰਗ ਸੈਸ਼ਨ 'ਚ ਰਿਕੀ ਪੋਂਟਿੰਗ ਨਾਲ ਗੱਲਬਾਤ ਦੇ ਇਲਾਵਾ ਸਹਾਇਕ ਕੋਚ ਸ਼ੇਨ ਵਾਟਸਨ ਦੇ ਨਾਲ ਕੰਮ ਨੂੰ ਲੈ ਕੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ, 'ਸ਼ੇਨ ਨੇ ਵੀ ਮੇਰੀ ਬਹੁਤ ਮਦਦ ਕੀਤੀ। ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਂ ਵਾਟਸਨ ਦੇ ਨਾਲ ਤਿੰਨ-ਚਾਰ ਸੈਸ਼ਨਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਖ਼ਾਸ ਤੌਰ 'ਤੇ ਖੇਡ ਦੇ ਮਾਨਸਿਕ ਪਹਿਲੂ ਨੂੰ ਲੈ ਕੇ ਮੇਰੀ ਮਦਦ ਕੀਤੀ। ਮੈਂ ਉਨ੍ਹਾਂ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਮੈਂ ਉਨ੍ਹਾਂ ਨਾਲ ਖ਼ੁੱਲ੍ਹ ਕੇ ਗੱਲ ਕਰਦਾ ਹਾਂ ।'
ਇਸ ਸੀਜ਼ਨ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਕੁਲਦੀਪ ਨੇ ਟੀਮ ਦੇ ਕਪਤਾਨ ਰਿਸ਼ਭ ਪੰਤ ਦੀ ਵਿਕਟਕੀਪਿੰਗ ਨੂੰ ਵੀ ਦਿੱਤਾ ਹੈ। ਕੁਲਦੀਪ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਰਿਸ਼ਭ ਸਟੰਪ ਦੇ ਪਿੱਛੇ ਐੱਮ. ਐੱਸ. ਧੋਨੀ ਦੀ ਕੁਝ ਝਲਕ ਦਿਖਾ ਰਿਹਾ ਹੈ। ਉਹ ਚੰਗਾ ਮਾਰਗਦਰਸ਼ਨ ਕਰਦਾ ਹੈ ਤੇ ਮੈਦਾਨ 'ਤੇ ਸ਼ਾਂਤ ਵੀ ਰਹਿੰਦਾ ਹੈ। ਸਪਿਨਰਾਂ ਦੀ ਸਫਲਤਾ 'ਚ ਵਿਕਟਕੀਪਰ ਇਕ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਆਈ. ਪੀ. ਐੱਲ. 'ਚ ਮੇਰੇ ਪ੍ਰਦਰਸ਼ਨ ਦਾ ਸਿਹਰਾ ਰਿਸ਼ਭ ਪੰਤਨੂੰ ਵੀ ਜਾਂਦਾ ਹੈ। ਹੁਣ ਸਾਡੇ ਦਰਮਿਆਨ ਚੰਗਾ ਤਾਲਮੇਲ ਬਣ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।