ਐੱਫ. ਐੱਮ. ਐੱਸ. ਸੀ. ਆਈ. ਨੇ ਖੇਡ ਮੰਤਰੀ ਨਾਲ ਕੀਤੀ ਮੁਲਾਕਾਤ
Saturday, Jun 22, 2019 - 11:05 PM (IST)

ਨਵੀਂ ਦਿੱਲੀ— ਭਾਰਤ 'ਚ ਮੋਟਰ ਸਪੋਰਟਸ ਦੀ ਕੰਟਰੋਲ ਸੰਸਥਾ ਫੈੱਡਰੇਸ਼ਨ ਆਫ ਮੋਟਰ ਸਪੋਰਟਸ ਕਲੱਬਜ਼ ਆਫ ਇੰਡੀਆ (ਐੱਫ. ਐੱਮ. ਐੱਸ. ਸੀ. ਆਈ.) ਦੇ ਪ੍ਰਤੀਨਿਧੀ ਮੰਡਲ ਨੇ ਸ਼ਨੀਵਾਰ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ ਤੇ ਮੋਟਰ ਸਪੋਰਟਸ ਨਾਲ ਸਬੰਧਤ ਗੱਲਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਇਸ ਪ੍ਰਤੀਨਿਧੀ ਮੰਡਲ 'ਚ ਜੇ. ਕੇ. ਟਾਇਰ ਦੇ ਮੋਟਰ ਸਪੋਰਟਸ ਪ੍ਰਮੁੱਖ ਸੰਜੇ ਸ਼ਰਮਾ ਅਤੇ ਤਿੰਨ ਵਾਰ ਦੇ ਏਸ਼ੀਆ ਪੈਸੇਫਿਕ ਅਤੇ ਛੇ ਵਾਰ ਦੇ ਇੰਡੀਅਨ ਰੈਲੀ ਚੈਂਪੀਅਨ ਗੌਰਵ ਗਿੱਲ ਸ਼ਾਮਲ ਸਨ। ਕਿਰਿਨ ਰਿਜਿਜੂ ਨੇ ਪ੍ਰਤੀਨਿਧੀ ਮੰਡਲ ਨੂੰ ਕਿਹਾ ਕਿ ਉਹ ਮੋਟਰ ਸਪੋਰਟਸ ਨੂੰ ਦੇਸ਼ ਵਿਚ ਇਕ ਉੱਚੇ ਸਥਾਨ 'ਤੇ ਦੇਖਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਮੋਟਰ ਸਪੋਰਟਸ ਖੇਡ ਮੰਤਰਾਲਾ ਤੋਂ ਮਾਨਤਾ ਪ੍ਰਾਪਤ ਹੈ ਪਰ ਅੱਜ ਤਕ ਕਿਸੇ ਰੇਸਰ ਨੂੰ ਦੇਸ਼ ਦਾ ਵੱਕਾਰੀ ਅਰਜੁਨ ਐਵਾਰਡ ਨਹੀਂ ਮਿਲ ਸਕਿਆ ਹੈ। ਸੰਜੇ ਸ਼ਰਮਾ ਨੇ ਕੱਲ ਹੀ ਇਹ ਸਵਾਲ ਮੀਡੀਆ ਸਾਹਮਣੇ ਰੱਖਿਆ ਸੀ। ਗੌਰਵ ਗਿੱਲ ਦਾ ਨਾਂ ਅਰਜੁਨ ਐਵਾਰਡ ਲਈ ਪਿਛਲੇ ਤਿੰਨ ਸਾਲਾਂ ਵਿਚ ਲਗਾਤਾਰ ਭੇਜਿਆ ਗਿਆ ਸੀ ਪਰ ਖੇਡ ਮੰਤਰਾਲਾ ਤੇ ਅਰਜੁਨ ਐਵਾਰਡ ਚੋਣ ਕਮੇਟੀ ਨੇ ਉਸ ਦੇ ਨਾਂ 'ਤੇ ਕੋਈ ਵਿਚਾਰ ਨਹੀਂ ਕੀਤਾ। ਗਿੱਲ ਦਾ ਨਾਂ ਇਸ ਵਾਰ ਵੀ ਅਰਜੁਨ ਪੁਰਸਕਾਰ ਲਈ ਭੇਜਿਆ ਗਿਆ ਹੈ ਅਤੇ ਉਹ ਉਮੀਦ ਕਰ ਰਿਹਾ ਹੈ ਕਿ ਸ਼ਾਇਦ ਇਸ ਵਾਰ ਉਹ ਲੱਕੀ ਸਾਬਤ ਹੋ ਜਾਵੇ।