ਫਿੰਚ ਨੇ ਖੇਡੀ ਟੀ-20 ਦੀ ਸਭ ਤੋਂ ਵੱਡੀ ਪਾਰੀ, ਕੀਤੀ ਚੌਕੇ-ਛੱਕਿਆਂ ਦੀ ਬਰਸਾਤ
Tuesday, Jul 03, 2018 - 05:00 PM (IST)

ਹਰਾਰੇ : ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਇਕ ਵਾਰ ਫਿਰ ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਐਰੋਨ ਫਿੰਚ ਦਾ ਤੁਫਾਨ ਦੇਖਣ ਨੂੰ ਮਿਲਿਆ। ਫਿੰਚ ਨੇ ਟੀ-20 ਤਿਕੋਣੀ ਸੀਰੀਜ਼ ਦੇ ਤੀਜੇ ਮੈਚ 'ਚ ਜ਼ਿੰਬਾਬਵੇ ਖਿਲਾਫ ਕ੍ਰਿਕਟ ਦੀ ਸਭ ਤੋਂ ਵੱਡੀ ਪਾਰੀ ਖੇਡੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ।
ਸੀਰੀਜ਼ 'ਚ ਕਪਤਾਨੀ ਕਰ ਰਹੇ ਫਿੰਚ ਨੇ 76 ਗੇਂਦਾਂ ਦਾ ਸਾਹਮਣਾ ਕਰਦੇ ਹੋਏ 226.32 ਦੀ ਸਟ੍ਰਾਈਕ ਰੇਟ ਨਾਲ 172 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 16 ਚੌਕੇ ਅਤੇ 10 ਲੰਬੇ ਛੱੱਕੇ ਵੀ ਲਗਾਏ। ਇਸ ਤੋਂ ਪਹਿਲਾਂ ਵੀ ਟੀ-20 ਕ੍ਰਿਕਟ ਦੀ ਸਭ ਤੋਂ ਲੰਬੀ ਪਾਰੀ ਖੇਡਣ ਦਾ ਰਿਕਾਰਡ ਫਿੰਚ ਦੇ ਨਾਮ ਹੀ ਸੀ। ਫਿੰਚ ਨੇ 29 ਅਗਸਤ 2013 'ਚ ਇੰਗਲੈਂਡ ਖਿਲਾਫ 63 ਗੇਂਦਾਂ 'ਚ 156 ਦੌੜਾਂ ਦੀ ਪਾਰੀ ਖੇਡੀ ਸੀ। ਜਿਸ 'ਚ 11 ਚੌਕੇ ਅਤੇ 14 ਛੱਕੇ ਸ਼ਾਮਲ ਸੀ।
ਗੇਲ ਦਾ ਰਿਕਾਰਡ ਤੋੜਨ ਤੋਂ ਖੁੰਝੇ
ਫਿੰਚ ਆਲ-ਓਵਰ ਟੀ-20 ਫਾਰਮੈਟ 'ਚ ਬਣੇ ਸਭ ਤੋਂ ਵੱਡੇ ਸਕੋਰ ਨੂੰ ਪਿੱਛੇ ਕਰਨ 'ਚ ਸਿਰਫ 4 ਦੌੜਾਂ ਪਿੱਛੇ ਰਹਿ ਗਏ। ਵਿੰਡੀਜ਼ ਦੇ ਗੇਲ ਨੇ ਆਈ.ਪੀ.ਐੱਲ.-2013 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਖੇਡਦੇ ਹੋਏ 175 ਦੌੜਾਂ ਦੀ ਪਾਰੀ ਖੇਡੀ ਸੀ। ਜੇਕਰ ਫਿੰਚ 176 ਦੌੜਾਂ ਬਣਾ ਲੈਂਦੇ ਤਾਂ ਉਨ੍ਹਾਂ ਦੇ ਨਾਮ ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਰਿਕਾਰਡ ਦਰਜ ਹੋ ਜਾਣਾ ਸੀ। ਹਾਲਾਂਕਿ ਅੰਤਰਰਾਸ਼ਟਰੀ ਟੀ-20 ਫਾਰਮੈਟ ਦਾ ਸਭ ਤੋਂ ਵੱਡਾ ਸਕੋਰ ਫਿੰਚ ਦੇ ਨਾਮ ਹੀ ਹੈ। ਜਿਸਨੂੰ ਤੋੜਨਾ ਆਸਾਨ ਨਹੀਂ ਹੋਵੇਗਾ।
ਟੀ-20 ਅੰਤਰਾਸ਼ਟਰੀ ਕ੍ਰਿਕਟ ਦੀ ਸਭ ਤੋਂ ਵੱਡੀ ਪਾਰੀ ਖੇਡਣ ਤੋਂ ਇਲਾਵਾ ਫਿੰਚ ਨੇ ਇਕ ਹੋਰ ਕਾਰਨਾਮਾ ਕੀਤਾ। ਆਸਟਰੇਲੀਆ ਲਈ ਡੇਅਰਸੀ ਸ਼ਾਰਟ (46) ਦੇ ਨਾਲ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਪਹਿਲੇ ਵਿਕਟ ਲਈ 223 ਦੌੜਾਂ ਦੀ ਸਾਂਝੇਦਾਰੀ ਕੀਤੀ। ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਟੀ-20 'ਚ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ ਅਤੇ ਕੇਨ ਵਿਲਿਅਮਸਨ ਨਾ ਨਾਮ ਸੀ। ਦੋਵਾਂ ਨੇ 2016 'ਚ ਪਾਕਿਸਤਾਨ ਖਿਲਾਫ 171 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।