ਸਾਊਥਮਪਟਨ ’ਚ ਹੀ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ
Wednesday, Mar 10, 2021 - 05:31 PM (IST)
ਦੁਬਈ: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਪਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ.ਟੀ.ਸੀ.) ਦਾ ਫਾਈਨਲ 18 ਤੋਂ 22 ਜੂਨ ਦੇ ਵਿਚਕਾਰ ਸਾਊਥਮਪਟ ’ਚ ਹੈਂਪਸ਼ਰ ਬਾਊਲ ’ਚ ਜੈਵ ਸੁਰੱਖਿਅਤ ਵਾਤਾਵਰਣ ’ਚ ਖੇਡਿਆ ਜਾਵੇਗਾ।
ਪਹਿਲੇ ਫਾਈਨਲ ਦਾ ਆਯੋਜਨ ਲਾਰਡਸ ’ਚ ਹੋਣ ਦੀ ਸੰਭਾਵਨਾ ਸੀ ਪਰ ਆਈ.ਸੀ.ਸੀ. ਬੋਰਡ ਅਤੇ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਕੋਵਿਡ-19 ਦੇ ਸੰਭਾਵਿਤ ਖ਼ਤਰੇ ਨੂੰ ਘੱਟ ਤੋਂ ਘੱਟ ਕਰਕੇ ਇਸ ਦਾ ਸੁਰੱਖਿਅਤ ਆਯੋਜਨ ਸੁਨਿਸ਼ਚਿਤ ਕਰਨ ਲਈ ਸਥਾਨ ਬਦਲਣ ਦਾ ਫ਼ੈਸਲਾ ਕੀਤਾ। ਆਈ.ਸੀ.ਸੀ. ਨੇ ਬਿਆਨ ’ਚ ਕਿਹਾ ਕਿ ਹੈਂਪਸ਼ਰ ਬਾਊਲ ਦੀ ਚੋਣ ਕਰਨ ’ਚ ਆਈ.ਸੀ.ਸੀ. ਨੇ 2020 ਦੀਆਂ ਗਰਮੀਆਂ ’ਚ ਜੈਵ ਸੁਰੱਖਿਅਤ ਵਾਤਾਵਰਣ ’ਚ ਕੌਮਾਂਤਰੀ ਕ੍ਰਿਕਟ ਦਾ ਆਯੋਜਨ ਕਰਨ ਦੇ ਈ.ਸੀ.ਬੀ. ਦੇ ਅਨੁਭਵ ਦੀ ਵਰਤੋਂ ਕੀਤੀ। ਇਸ ’ਚ ਕਿਹਾ ਗਿਆ ਹੈ ਕਿ ਇਹ ਸਥਾਨ ਖੇਡ ਅਤੇ ਅਭਿਆਸ ਦੀਆਂ ਵਿਸ਼ਵ ਪੱਧਰੀ ਸੁਵਿਧਾਵਾਂ ਮੁਹੱਈਆਂ ਕਰਵਾਉਂਦਾ ਹੈ ਅਤੇ ਇਥੇ ਦੋਵਾਂ ਟੀਮਾਂ ਨੂੰ ਤਿਆਰੀਆਂ ਲਈ ਸਰਵਸ਼ੇ੍ਰਸ਼ਠ ਸੰਭਾਵਿਤ ਮਾਹੌਲ ਮਿਲੇਗਾ।
ਆਈ.ਸੀ.ਸੀ. ਨੇ ਕਿਹਾ ਕਿ ਜੇਕਰ ਬਿ੍ਰਟਿਸ਼ ਸਰਕਾਰ ਕੋਵਿਡ-19 ਲਾਕਡਾਊਨ ’ਚ ਢਿੱਲ ਨੂੰ ਪਹਿਲੀ ਯੋਜਨਾ ਦੇ ਅਨੁਸਾਰ ਅੱਗੇ ਵਧਾਉਂਦੀ ਹੈ ਤਾਂ ਫਿਰ ਹੈਂਪਸ਼ਲ ਬਾਊਲ ’ਚ ਫਾਈਨਲ ਦੇਖਣ ਲਈ ਸੀਮਿਤ ਗਿਣਤੀ ’ਚ ਦਰਸ਼ਕਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਨਿਊਜ਼ੀਲੈਂਡ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਸੀ। ਭਾਰਤ ਨੇ ਸ਼ਨੀਵਾਰ ਨੂੰ ਖ਼ਤਮ ਹੋਈ ਚਾਰ ਮੈਚਾਂ ਦੀ ਲੜੀ ’ਚ ਇੰਗਲੈਂਡ ਨੂੰ 3-1 ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ ਸੀ।