FIH ਪ੍ਰੋ ਲੀਗ : ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ
Monday, Apr 12, 2021 - 07:59 PM (IST)
ਬਿਊਨਸ ਆਇਰਸ– ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਤੇ ਮਨਦੀਪ ਸਿੰਘ ਦੇ ਸ਼ਾਨਦਾਰ ਗੋਲਾਂ ਦੀ ਬਦੌਲਤ ਭਾਰਤੀ ਹਾਕੀ ਟੀਮ ਨੇ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਸੋਮਵਾਰ ਨੂੰ ਦੂਜੇ ਮੁਕਾਬਲੇ ਵਿਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-0 ਨਾਲ ਕਰਾਰੀ ਹਾਰ ਦੇ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ।
ਭਾਰਤ ਨੇ ਪਹਿਲੇ ਮੈਚ ਵਿਚ ਅਰਜਨਟੀਨਾ ਨੂੰ ਸ਼ੂਟ ਆਊਟ ਵਿਚ 4-3 ਨਾਲ ਹਰਾਇਆ ਸੀ ਤੇ ਪਹਿਲੀ ਜਿੱਤ ਵਿਚ ਬੋਨਸ ਅੰਕ ਵੀ ਹਾਸਲ ਕੀਤਾ ਸੀ। ਭਾਰਤ ਹੁਣ ਇਸ ਜਿੱਤ ਤੋਂ ਬਾਅਦ ਐੱਫ. ਆਈ. ਐੱਚ. ਪ੍ਰੋ ਲੀਗ ਦੀ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤੀ ਟੀਮ ਇੱਥੇ ਹੁਣ 13 ਤੇ 14 ਅਪ੍ਰੈਲ ਨੂੰ ਅਰਜਨਟੀਨਾ ਵਿਰੁੱਧ 2 ਹੋਰ ਅਭਿਆਸ ਮੈਚ ਖੇਡੇਗੀ ਤੇ ਇਸ ਤੋਂ ਬਾਅਦ 8 ਤੇ 9 ਮਈ ਨੂੰ ਲੰਡਨ ਵਿਚ ਬ੍ਰਿਟੇਨ ਵਿਰੁੱਧ ਫਿਰ ਤੋਂ ਐੱਫ. ਆਈ. ਐੱਚ. ਪ੍ਰੋ-ਲੀਗ ਦੇ ਮੁਕਾਬਲੇ ਖੇਡੇਗੀ।
ਭਾਰਤ ਨੇ ਪਹਿਲੇ ਮੈਚ ਵਿਚ ਅਰਜਨਟੀਨਾ ਨੂੰ 4-3 ਨਾਲ ਹਰਾਇਆ ਸੀ ਜਦਕਿ ਦੋਵਾਂ ਟੀਮਾਂ ਵਿਚਾਲੇ ਦੂਜਾ ਅਭਿਆਸ ਮੈਚ 4-4 ਨਾਲ ਬਰਾਬਰੀ ’ਤੇ ਰਿਹਾ ਸੀ। ਅਰਜਨਟੀਨਾ ਨੇ ਭਾਰਤੀ ਡਿਫੈਂਸ ’ਤੇ ਅਟੈਕ ਕਰਦੇ ਹੋਏ ਪਹਿਲੇ ਕੁਆਰਟਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇਸ ਦੌਰਾਨ ਆਪਣਾ 50ਵਾਂ ਕੌਮਾਂਤਰੀ ਮੈਚ ਖੇਡ ਰਹੇ ਗੋਲਕੀਪਰ ਕ੍ਰਿਸ਼ਣਾ ਬਹਾਦੁਰ ਪਾਠਕ ਨੇ 3 ਸ਼ਾਦਨਾਰ ਬਚਾਅ ਨਾਲ ਮੇਜ਼ਬਾਨ ਟੀਮ ਨੂੰ ਬੜ੍ਹਤ ਲੈਣ ਤੋਂ ਬਿਲਕੁਲ ਹੀ ਰੋਕ ਦਿੱਤਾ।
ਬਹਾਦੁਰ ਨੇ ਖਾਸ ਤੌਰ ’ਤੇ ਅਰਜਨਟੀਨਾ ਦੇ ਫਾਰਵਰਡ ਮੈਕਿਓ ਕੈਸੇਲਾ ਤੇ ਮਾਰਟਿਨੋ ਫੇਰੇਰਿਓ ਦੇ ਨੇੜਿਓਂ ਗੋਲ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ। ਭਾਰਤ ਨੇ ਹੌਲੀ-ਹੌਲੀ ਮੈਚ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ ਜਦੋਂ ਰਾਜਕੁਮਾਰ ਪਾਲ ਨੇ ਅਰਜਨਟੀਨਾ ਦੇ ਤਜਰਬੇਕਾਰ ਗੋਲਕੀਪਰ ਜੁਆਨ ਮੈਨੂਅਲ ਵਿਵਾਲਡੀ ਨੂੰ ਅਜਮਾਇਆ। ਇਸ ਵਿਚਾਲੇ ਹਰਮਨਪ੍ਰੀਤ ਨੇ 11ਵੇਂ ਮਿੰਟ ਵਿਚ ਇਕ ਪੈਨਲਟੀ ਕਾਰਨਰ ’ਤੇ ਗੋਲ ਕਰ ਦਿੱਤਾ। ਭਾਰਤ ਨੂੰ 1-0 ਨਾਲ ਬੜ੍ਹਤ ਮਿਲੀ। ਪਿਛਲੇ ਦੋ ਦਿਨਾਂ ਵਿਚ ਹਰਮਨਪ੍ਰੀਤ ਦਾ ਇਹ ਤੀਜਾ ਗੋਲ ਸੀ। ਦੂਜੇ ਕੁਆਰਟਰ ਵਿਚ ਭਾਰਤੀ ਡਿਫੈਂਸ ਥੋੜ੍ਹਾ ਪ੍ਰੇਸ਼ਾਨ ਦਿਖਾਈ ਦਿੱਤਾ ਜਦੋਂ ਅਰਜਨਟੀਨਾ ਦੇ ਜਵਾਬੀ ਹਮਲਿਆਂ ਨੇ ਉਸ ਨੂੰ ਪਿੱਛੇ ਧੱਕਣਾ ਸ਼ੁਰੂ ਕੀਤਾ। ਇਸ ਦੌਰਾਨ ਜ਼ਿਆਦਾਤਰ ਸਮੇਂ ਗੇਂਦ ਅਰਜਨਟੀਨਾ ਦੇ ਕੋਲ ਰਹੀ ਪਰ ਉਹ ਭਾਰਤ ਦੇ ਲਲਿਤ ਨੂੰ 25ਵੇਂ ਮਿੰਟ ਵਿਚ ਗੋਲ ਕਰਨ ਤੋਂ ਨਹੀਂ ਰੋਕ ਸਕੇ, ਜਿਸ ਨਾਲ ਭਾਰਤ ਨੂੰ 2-0 ਦੀ ਬੜ੍ਹਤ ਮਿਲ ਗਈ।
ਤੀਜੇ ਕੁਆਰਟਰ ਵਿਚ ਭਾਰਤ ਨੇ ਹੋਰ ਤੇਜ਼ੀ ਤੇ ਮੁਸਤੈਦੀ ਨਾਲ ਦਬਾਅ ਬਣਾਇਆ ਤੇ ਅਰਜਨਟੀਨਾ ਨੂੰ ਗਲਤੀਆਂ ਕਰਨ ’ਤੇ ਮਜਬੂਰ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਲਗਾਤਾਰ ਅਰਜਨਟੀਨਾ ਦੇ ਡਿਫੈਂਸ ’ਤੇ ਹਾਵੀ ਰਹੀ। ਫੁਲ ਟਾਈਮ ਹੋਣ ਤੋਂ ਦੋ ਮਿੰਟ ਪਹਿਲਾਂ ਭਾਰਤ ਨੇ ਤੀਜਾ ਗੋਲ ਕਰਕੇ 3-0 ਦੀ ਬੜ੍ਹਤ ਬਣਾ ਲਈ। ਆਪਣਾ ਸੰਤੁਲਨ ਗੁਆਉਣ ਦੇ ਬਾਵਜੂਦ ਮਨਦੀਪ ਨੇ ਮੈਚ ਦੇ 58ਵੇਂ ਮਿੰਟ ਵਿਚ ਗੇਂਦ ਨੂੰ ਨੈੱਟ ਵਿਚ ਭੇਜ ਕੇ ਭਾਰਤ ਨੂੰ ਇਹ ਬੜ੍ਹਤ ਦਿਵਾਈ, ਹਾਲਾਂਕਿ ਇਸ ਤੋਂ ਬਾਅਦ ਉਸਦੀ ਜਗ੍ਹਾ ਸ਼ਮਸ਼ੇਰ ਸਿੰਘ ਮੈਦਾਨ ’ਤੇ ਉਤਰਿਆ। ਪੂਰੇ ਮੁਕਾਬਲੇ ਵਿਚ ਜਿੱਥੇ ਭਾਰਤੀ ਗੋਲਕੀਪਰ ਪਾਠਕ ਨੇ ਇਕ ਵੀ ਗੋਲ ਨਹੀਂ ਹੋਣ ਦਿੱਤਾ, ਉਥੇ ਹੀ ਰਾਜਕੁਮਾਰ, ਸ਼ਮਸ਼ੇਰ ਤੇ ਹਾਰਦਿਕ ਸਿੰਘ ਨੇ ਸ਼ਾਨਦਾਰ ਯੋਗਦਾਨ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।