FIH Pro League : ਭਾਰਤੀ ਟੀਮ ਦੀ ਅਗਵਾਈ ਕਰਨਗੇ ਹਰਮਨਪ੍ਰੀਤ ਸਿੰਘ

Wednesday, Oct 26, 2022 - 03:32 PM (IST)

ਭੁਵਨੇਸ਼ਵਰ : ਸਪੇਨ ਤੇ ਨਿਊਜ਼ੀਲੈਂਡ ਖ਼ਿਲਾਫ਼ ਭੁਵਨੇਸ਼ਵਰ ਵਿਚ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਮੈਚਾਂ ਲਈ ਹਰਮਨਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ 22 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਨੂੰ ਉੱਪ-ਕਪਰਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 28 ਅਕਤੂਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰੇਗਾ ਤੇ ਫਿਰ 30 ਅਕਤੂਬਰ ਨੂੰ ਸਪੇਨ ਨਾਲ ਭਿੜੇਗਾ। 

ਭਾਰਤੀ ਟੀਮ ਆਪਣੇ ਦੂਜੇ ਮੈਚ ਵਿਚ ਨਿਊਜ਼ੀਲੈਂਡ ਖ਼ਿਲਾਫ਼ ਚਾਰ ਨਵੰਬਰ ਤੇ ਸਪੇਨ ਖ਼ਿਲਾਫ਼ ਛੇ ਨਵੰਬਰ ਨੂੰ ਖੇਡੇਗੀ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਅਸੀਂ ਟੀਮ ਵਿਚ ਵੱਧ ਤੋਂ ਵੱਧ ਖਿਡਾਰੀਆਂ ਦੀ ਅਗਵਾਈ ਦੀ ਯੋਗਤਾ ਨੂੰ ਨਿਖਾਰਨ ਦਾ ਕੰਮ ਜਾਰੀ ਰੱਖਿਆ ਹੋਇਆ ਹੈ ਤੇ ਇਸ ਲਈ ਹਰਮਨਪ੍ਰੀਤ ਸਿੰਘ ਨੂੰ ਪਹਿਲੇ ਚਾਰ ਮੈਚਾਂ ਲਈ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀਮ ਵਿਚ ਮੁਹੰਮਦ ਰਾਹਿਲ ਮੌਸੀਨ ਤੇ ਐੱਸ ਕਾਰਤੀ ਦੇ ਰੂਪ ਵਿਚ ਦੋ ਨਵੇਂ ਚਿਹਰੇ ਵੀ ਸ਼ਾਮਲ ਹਨ। ਰੀਡ ਨੇ ਕਿਹਾ ਕਿ ਅਸੀਂ ਪ੍ਰੋ ਲੀਗ ਦੇ ਪਹਿਲੇ ਦੋ ਮੈਚਾਂ ਲਈ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ।

PunjabKesari

ਟੀਮ ਵਿਚ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਤੇ ਪੀ ਆਰ ਸ਼੍ਰੀਜੇਸ਼ ਸ਼ਾਮਲ ਹਨ। ਰੱਖਿਆ ਕਤਾਰ ਵਿਚ ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਮਨਦੀਪ ਮੋਰ ਤੇ ਨੀਲਮ ਸੰਜੀਵ ਜੇਸ ਨੂੰ ਚੁਣਿਆ ਗਿਆ ਹੈ। ਸੁਮਿਤ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮੋਇਰੰਗਥੇਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜ ਕੁਮਾਰ ਪਾਲ ਤੇ ਮੁਹੰਮਦ ਰਾਹਿਲ ਮੌਸੀਨ ਮੱਧ ਕਤਾਰ ਦੀ ਜ਼ਿੰਮੇਵਾਰੀ ਸੰਭਾਲਣਗੇ। ਫਾਰਵਰਡ ਲਾਈਨ ਵਿਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ, ਐੱਸ ਕਾਰਤੀ ਤੇ ਸੁਖਜੀਤ ਸਿੰਘ ਸ਼ਾਮਲ ਹਨ। ਸਾਰੇ ਮੈਚ ਕਲਿੰਗ ਹਾਕੀ ਸਟੇਡੀਅਮ ਵਿਚ ਹੋਣਗੇ। ਜੋ ਅਗਲੇ ਸਾਲ ਜਨਵਰੀ ਵਿਚ ਪੁਰਸ਼ ਵਿਸ਼ਵ ਕੱਪ ਦੀ ਵੀ ਮੇਜ਼ਬਾਨੀ ਕਰੇਗਾ।


Tarsem Singh

Content Editor

Related News