FIFA 2022 : ਸਰਬੀਆ ਨੂੰ ਹਰਾ ਕੇ ਸਵਿਟਜ਼ਰਲੈਂਡ ਆਖਰੀ 16 ਵਿੱਚ ਪੁੱਜਾ

12/03/2022 4:11:35 PM

ਦੋਹਾ : ਸਵਿਟਜ਼ਰਲੈਂਡ ਨੇ ਸਰਬੀਆ ਨੂੰ 3-2 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਫੁੱਟਬਾਲ ਪ੍ਰਤੀਯੋਗਿਤਾ ਦੇ ਆਖ਼ਰੀ 16 ਵਿੱਚ ਥਾਂ ਬਣਾ ਲਈ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਇਸ ਗਰੁੱਪ ਜੀ ਮੈਚ ਵਿੱਚ ਰੇਮੋ ਫਰੇਲਰ (48ਵੇਂ ਮਿੰਟ) ਨੇ ਹਾਫ ਟਾਈਮ ਦੇ ਤੁਰੰਤ ਬਾਅਦ ਜੇਤੂ ਗੋਲ ਕੀਤਾ। ਇਸ ਜਿੱਤ ਨਾਲ ਸਵਿਟਜ਼ਰਲੈਂਡ ਬ੍ਰਾਜ਼ੀਲ ਤੋਂ ਬਾਅਦ ਗਰੁੱਪ 'ਚ ਦੂਜੇ ਸਥਾਨ 'ਤੇ ਆ ਗਿਆ ਹੈ। ਲੁਸੇਲ ਸਟੇਡੀਅਮ 'ਚ ਮੰਗਲਵਾਰ ਨੂੰ ਆਖਰੀ 16 'ਚ ਉਨ੍ਹਾਂ ਦਾ ਸਾਹਮਣਾ ਪੁਰਤਗਾਲ ਨਾਲ ਹੋਵੇਗਾ।

ਸਵਿਟਜ਼ਰਲੈਂਡ ਲਈ ਜ਼ੇਰਦਾਨ ਸ਼ਕੀਰੀ ਨੇ 20ਵੇਂ ਮਿੰਟ 'ਚ ਪਹਿਲਾ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ, ਪਰ ਸਰਬੀਆ ਨੇ ਅਲੈਗਜ਼ੈਂਡਰ ਮਿਤਰੋਵਿਚ (26ਵੇਂ ਮਿੰਟ) ਅਤੇ ਦੁਸਾਨ ਵਲਾਹੋਵਿਕ (35ਵੇਂ ਮਿੰਟ) ਦੇ ਗੋਲਾਂ ਨਾਲ ਜਵਾਬੀ ਕਾਰਵਾਈ ਕੀਤੀ। ਬ੍ਰੇਲ ਐਂਬੋਲੋ (44ਵੇਂ ਮਿੰਟ) ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਗੋਲ ਕਰਕੇ ਸਵਿਟਜ਼ਰਲੈਂਡ ਨੂੰ ਬਰਾਬਰੀ ਦਿਵਾਈ। 

ਇਹ ਵੀ ਪੜ੍ਹੋ : ਲਿਨ ਡੈਨ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਪ੍ਰਾਪਤੀ ਦੇ ਰਸਤੇ 'ਤੇ ਚਲਣਾ ਚਾਹੁੰਦਾ ਹਾਂ : ਪ੍ਰਮੋਦ ਭਗਤ

ਸਵਿਟਜ਼ਰਲੈਂਡ ਇਸ ਤੋਂ ਪਹਿਲਾਂ ਬ੍ਰਾਜ਼ੀਲ ਤੋਂ ਹਾਰ ਗਿਆ ਸੀ ਜਦਕਿ ਉਸ ਨੇ ਕੈਮਰੂਨ ਨੂੰ ਹਰਾਇਆ ਸੀ। ਅਜਿਹੇ 'ਚ ਸਰਬੀਆ ਖਿਲਾਫ ਜਿੱਤ ਨਾਲ ਆਖਰੀ 16 'ਚ ਉਸ ਦੀ ਜਗ੍ਹਾ ਪੱਕੀ ਹੋ ਗਈ। ਉਸਦੇ ਤੇ ਬ੍ਰਾਜ਼ੀਲ ਦੇ ਬਰਾਬਰ ਛੇ ਅੰਕ ਸਨ, ਪਰ ਦੱਖਣੀ ਅਮਰੀਕਾ ਦੀ ਟੀਮ ਬਿਹਤਰ ਗੋਲ ਅੰਤਰ ਕਾਰਨ ਗਰੁੱਪ ਵਿਚ ਸਿਖਰ 'ਤੇ ਰਹੀ।

ਸਵਿਸ ਟੀਮ 2014 ਵਿੱਚ ਬ੍ਰਾਜ਼ੀਲ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਅਤੇ ਉਸ ਦੇ ਚਾਰ ਸਾਲ ਬਾਅਦ ਰੂਸ ਵਿੱਚ ਵੀ ਆਖਰੀ 16 ਵਿੱਚ ਪਹੁੰਚੀ ਸੀ। ਹਾਲਾਂਕਿ ਇਨ੍ਹਾਂ ਦੋਵਾਂ ਵਿਸ਼ਵ ਕੱਪਾਂ ਵਿੱਚ ਉਹ ਅਰਜਨਟੀਨਾ ਅਤੇ ਸਵੀਡਨ ਤੋਂ ਕ੍ਰਮਵਾਰ 1-0 ਨਾਲ ਹਾਰ ਗਿਆ ਸੀ। ਜੇਕਰ ਸਵਿਸ ਟੀਮ ਪੁਰਤਗਾਲ ਨੂੰ ਹਰਾਉਣ 'ਚ ਕਾਮਯਾਬ ਹੋ ਜਾਂਦੀ ਹੈ ਤਾਂ 1954 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਉਹ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਏਗੀ। ਸਵਿਟਜ਼ਰਲੈਂਡ ਨੇ 1954 ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News