ਫੈਡਰਰ ਦੀ ਵਿੰਬਲਡਨ ਤੋਂ ਵਿਦਾਈ ਹੋ ਗਈ!

07/18/2017 2:09:41 AM

ਲੰਡਨ— ਵਿੰਬਲਡਨ ਗ੍ਰੈਂਡ ਸਲੈਮ ਦਾ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲਾ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਸੰਭਾਵਨਾ ਹੈ ਕਿ ਅਗਲੇ ਸਾਲ ਇਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉਤਰੇਗਾ।
ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਵਿੰਬਲਡਨ 'ਚ ਰਿਕਾਰਡ 8ਵੀਂ ਵਾਰ ਖਿਤਾਬ ਜਿੱਤਿਆ ਹੈ, ਜਿਹੜਾ ਉਸ ਦਾ ਕੁਲ 19ਵਾਂ ਗ੍ਰੈਂਡ ਸਲੈਮ ਖਿਤਾਬ ਵੀ ਹੈ ਪਰ ਕੁਝ ਹਫਤੇ ਬਾਅਦ 36 ਸਾਲ ਦੇ ਹੋਣ ਜਾ ਰਹੇ ਸਵਿਸ ਮਾਸਟਰ ਨੇ ਇਹ ਕਹਿ ਕੇ ਪ੍ਰਸ਼ੰਸਕਾਂ ਨੂੰ ਕੁਝ ਸ਼ਸ਼ੋਪੰਜ ਵਿਚ ਪਾ ਦਿੱਤਾ ਹੈ ਕਿ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਅਗਲੇ ਸਾਲ ਫਿਰ ਤੋਂ ਆਲ ਇੰਗਲੈਂਡ 'ਚ ਖੇਡਣ ਆਏਗਾ।
14 ਸਾਲ ਪਹਿਲਾਂ ਫੈਡਰਰ ਆਲ ਇੰਗਲੈਂਡ ਕਲੱਬ 'ਚ ਖੇਡਣ ਆਇਆ ਸੀ ਤੇ ਹੁਣ 35 ਸਾਲ ਦੀ ਉਮਰ ਵਿਚ ਉਸ ਨੇ ਇਥੇ ਅੱਠਵਾਂ ਖਿਤਾਬ ਜਿੱਤਿਆ ਹੈ। ਉਹ ਰਿਕਾਰਡ 11ਵੀਂ ਵਾਰ ਵਿੰਬਲਡਨ ਖੇਡਣ ਵਾਲਾ ਵੀ ਪਹਿਲਾ ਟੈਨਿਸ ਖਿਡਾਰੀ ਹੈ, ਜਿਸ ਨੇ ਪਹਿਲੀ ਵਾਰ ਫਾਈਨਲ ਵਿਚ ਪਹੁੰਚੇ ਕ੍ਰੋਏਸ਼ੀਆਈ ਖਿਡਾਰੀ ਨੂੰ ਲਗਾਤਾਰ ਸੈੱਟਾਂ 'ਚ ਆਸਾਨੀ ਨਾਲ ਹਰਾਇਆ।
ਸੈਂਟਰ ਕੋਰਟ 'ਤੇ ਆਪਣੀ ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਉਮਰ ਤੇ ਪਿਛਲੇ ਸਾਲ ਸੱਟਾਂ ਤੋਂ ਬਾਅਦ ਉਹ ਇਹ ਨਹੀਂ ਕਹਿ ਸਕਦਾ ਹੈ ਕਿ ਅਗਲੇ ਸਾਲ ਆਪਣੇ ਖਿਤਾਬ ਦਾ ਬਚਾਅ ਕਰਨ ਇਥੇ ਉਤਰੇਗਾ ਜਾਂ ਨਹੀਂ। 35 ਸਾਲਾ ਟੈਨਿਸ ਖਿਡਾਰੀ ਨੇ ਕਿਹਾ ਕਿ ਉਮੀਦ ਕਰਾਂਗਾ ਕਿ ਵਾਪਸ ਆ ਸਕਾਂ ਪਰ ਕੋਈ ਗਾਰੰਟੀ ਨਹੀਂ ਹੈ।''
ਪਿਛਲੇ ਸਾਲ ਫੈਡਰਰ ਨੂੰ ਵਿੰਬਲਡਨ ਤੋਂ ਬਾਹਰ ਹੋਣ ਤੋਂ ਬਾਅਦ ਅਗਲੇ ਛੇ ਮਹੀਨੇ ਸੱਟ ਕਾਰਨ ਟੈਨਿਸ ਤੋਂ ਦੂਰ ਰਹਿਣਾ ਪਿਆ ਸੀ। ਉਸ ਨੇ 2012  ਤੋਂ ਬਾਅਦ ਤੋਂ ਕੋਈ ਖਿਤਾਬ ਨਹੀਂ ਜਿੱਤਿਆ ਸੀ, ਜਿਸ ਨਾਲ ਸਾਬਕਾ ਨੰਬਰ ਇਕ ਖਿਡਾਰੀ ਦੇ ਕਰੀਅਰ ਨੂੰ ਅੰਤ ਦੇ ਰੂਪ ਵਿਚ ਦੇਖਿਆ ਜਾਣ ਲੱਗਾ ਸੀ ਪਰ ਸੱਟ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਨ ਵਾਲੇ ਫੈਡਰਰ ਨੇ ਇਸ ਸਾਲ ਆਸਟ੍ਰੇਲੀਅਨ ਓਪਨ ਵਿਚ ਖਿਤਾਬ ਜਿੱਤਿਆ ਤੇ ਕਲੇਅ ਕੋਰਟ ਸੈਸ਼ਨ ਤੋਂ ਦੂਰ ਰਹਿਣ ਤੋਂ ਬਾਅਦ ਆਪਣੇ ਪਸੰਦੀਦਾ ਗ੍ਰਾਸ ਕੋਰਟ 'ਤੇ ਵਿੰਬਲਡਨ ਦੇ ਰੂਪ ਵਿਚ ਆਪਣਾ 19ਵਾਂ ਗ੍ਰੈਂਡ ਸਲੈਮ ਜਿੱਤ ਲਿਆ। 
ਫੈਡਰਰ ਨੇ ਕਿਹਾ ਕਿ ਤੁਹਾਨੂੰ ਕੁਝ ਸਮਾਂ ਪਹਿਲਾਂ ਇਹ ਸੁਣ ਕੇ ਹਾਸਾ ਆ ਜਾਂਦਾ ਕਿ ਮੈਂ ਇਸ ਸਾਲ ਦੋ ਗ੍ਰੈਂਡ ਸਲੈਮ ਜਿੱਤਾਂਗਾ। ਖੁਦ ਮੈਨੂੰ ਵੀ ਇਸ ਗੱਲ ਦਾ ਭਰੋਸਾ ਨਹੀਂ ਹੈ ਕਿ ਮੈਂ ਦੋ ਸਲੈਮ ਜਿੱਤ ਲਵਾਂਗਾ ਪਰ ਇਹ ਜਿੱਤ ਕਮਾਲ ਦੀ ਹੈ। ਮੈਂ ਨਹੀਂ ਜਾਣਦਾ ਕਿ ਹੋਰ ਕਿੰਨੇ ਦਿਨਾਂ ਤਕ ਇਹ ਲੈਅ ਜਾਰੀ ਰਹੇਗੀ ਪਰ ਮੈਂ ਖੁਦ ਨੂੰ ਹਮੇਸ਼ਾ ਯਾਦ ਦਿਵਾਉਂਦਾ ਹਾਂ ਕਿ ਸਿਹਤ ਹੀ ਸਰਵਉੱਚ ਹੈ। ਜੇਕਰ ਮੈਂ ਅਜਿਹਾ ਕਰਾਂਗਾ ਤਾਂ ਸਾਰੀਆਂ ਚੀਜ਼ਾਂ ਸੰਭਵ ਹੋ ਸਕਣਗੀਆਂ।


Related News