FC ਗੋਆ ਦੇ ਓਰਟਿਜ਼ ’ਤੇ ਹਿੰਸਕ ਵਤੀਰੇ ਦਾ ਦੋਸ਼, ਮਿਲਿਆ ਕਾਰਨ ਦੱਸੋ ਨੋਟਿਸ
Monday, Dec 13, 2021 - 03:49 PM (IST)
ਪਣਜੀ (ਭਾਸ਼ਾ)-ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ਦੀ ਅਨੁਸ਼ਾਸਨੀ ਕਮੇਟੀ ਨੇ 11 ਦਸੰਬਰ ਨੂੰ ਬੈਂਗਲੁਰੂ ਐੱਫ. ਸੀ. ਵਿਰੁੱਧ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਮੈਚ ਦੌਰਾਨ ਖੇਡ ਨੂੰ ਰੋਕੇ ਹੋਣ ਦੇ ਸਮੇਂ ਵਿਰੋਧੀ ਖਿਡਾਰੀ ਨੂੰ ਧੱਕਾ ਦੇਣ ਕਾਰਨ ਸੋਮਵਾਰ ਨੂੰ ਐੱਫ. ਸੀ. ਗੋਆ ਦੇ ਫਾਰਵਰਡ ਜਾਰਜ ਓਰਟਿਜ਼ ’ਤੇ ਹਿੰਸਕ ਵਤੀਰੇ ਦੇ ਦੋਸ਼ ਤੈਅ ਕੀਤੇ। ਰਾਸ਼ਟਰੀ ਫੈੱਡਰੇਸ਼ਨ ਦੀ ਅਨੁਸ਼ਾਸਨੀ ਕਮੇਟੀ ਨੇ ਓਰਟਿਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਮੈਚ ਬੰਬੋਲਿਮ ਦੇ ਐਥਲੈਟਿਕਸ ਸਟੇਡੀਅਮ ’ਚ ਖੇਡਿਆ ਜਾ ਰਿਹਾ ਸੀ। ਓਰਟਿਜ਼ ’ਤੇ ਏ. ਆਈ. ਐੱਫ. ਐੱਫ. ਦੇ ਅਨੁਸ਼ਾਸਨ ਸੰਹਿਤਾ ਦੇ ਨਿਯਮ 48.1.2 ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਕਮੇਟੀ ਨੇ ਉਨ੍ਹਾਂ ਨੂੰ ਜਵਾਬ ਦੇਣ ਲਈ 15 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਏ. ਆਈ. ਐੱਫ. ਐੱਫ. ਵੱਲੋਂ ਨਿਯੁਕਤ ਰੈਫਰੀ ਨੇ ਬੀ. ਐੱਫ. ਸੀ. ਦੇ ਖ਼ਿਲਾਫ ਮੈਚ ਦੌਰਾਨ ਸਪੇਨ ਦੇ ਓਰਟਿਜ਼ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ ਸੀ, ਜਿਸ ਕਾਰਨ ਉਹ 18 ਦਸੰਬਰ ਨੂੰ ਹੈਦਰਾਬਾਦ ਐੱਫ. ਸੀ. ਵਿਰੁੱਧ ਐੱਫ. ਸੀ. ਗੋਆ ਦੇ ਅਗਲੇ ਮੈਚ ’ਚ ਨਹੀਂ ਖੇਡ ਸਕੇਗਾ। ਇਸ ਦਰਮਿਆਨ ਚੇਨਈਅਨ ਐੱਫ. ਸੀ. ਦੇ ਖ਼ਿਲਾਫ ਮੁਕਾਬਲੇ ਦੌਰਾਨ ਲਾਲ ਕਾਰਡ ਲੈਣ ਵਾਲੇ ਐਟੀਕੇ ਮੋਹਨ ਬਾਗਾਨ ਦੇ ਫਿਜ਼ੀਓ ਲੁਈ ਅਲਫੋਂਸੋ ਰੇਡੋਂਡੋ ਮਾਰਟੀਨੇਜ਼ ’ਤੇ ਵੀ ਇਹੀ ਦੋਸ਼ ਲਾਏ ਗਏ ਹਨ ਅਤੇ ਉਨ੍ਹਾਂ ਨੂੰ ਵੀ ਜਵਾਬ ਦੇਣ ਲਈ 15 ਦਸੰਬਰ ਦੀ ਸਮਾਂ ਹੱਦ ਮਿਲੀ ਹੈ।