50ਵੇਂ ਟੈਸਟ ਤਕ ਦੇ ਸਫਰ ਨੇ ਤਜਰਬੇਕਾਰ ਬਣਾਇਆ : ਅਸ਼ਵਿਨ

Tuesday, Jul 25, 2017 - 10:47 AM (IST)

50ਵੇਂ ਟੈਸਟ ਤਕ ਦੇ ਸਫਰ ਨੇ ਤਜਰਬੇਕਾਰ ਬਣਾਇਆ : ਅਸ਼ਵਿਨ

ਗਾਲੇ— ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸ਼੍ਰੀਲੰਕਾ ਵਿਰੁੱਧ ਗਾਲੇ ਵਿਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਦਾ ਹਿੱਸਾ ਬਣਨ ਦੇ ਨਾਲ ਹੀ ਆਪਣੇ ਟੈਸਟਾਂ ਦਾ ਅਰਧ ਸੈਂਕੜਾ ਵੀ ਪੂਰਾ ਕਰ ਲਵੇਗਾ ਤੇ ਉਸਦਾ ਮੰਨਣਾ ਹੈ ਕਿ ਇਸ ਸਫਰ ਨੇ ਉਸ ਨੂੰ ਪਹਿਲੇ ਤੋਂ ਕਿਤੇ ਬਿਹਤਰ ਤੇ ਤਜਰਬੇਕਾਰ ਬਣਾ ਦਿੱਤਾ ਹੈ।
30 ਸਾਲਾ ਅਸ਼ਵਿਨ ਨੇ ਹੁਣ ਤਕ 49 ਟੈਸਟ ਮੈਚ ਖੇਡੇ ਹਨ ਤੇ ਗਾਲੇ ਵਿਚ ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਉਸਦਾ 50ਵਾਂ ਟੈਸਟ ਵੀ ਹੋਵੇਗਾ। ਆਫ ਸਪਿਨਰ ਨੇ ਇਨ੍ਹਾਂ ਮੈਚਾਂ ਵਿਚ ਹੁਣ ਤਕ 25.22 ਦੀ ਔਸਤ ਨਾਲ 275 ਵਿਕਟਾਂ ਲਈਆਂ ਹਨ ਤੇ 32.25 ਦੀ ਔਸਤ ਨਾਲ 1903 ਦੌੜਾਂ ਬਣਾਈਆਂ ਹਨ।
ਆਪਣੇ 50ਵੇਂ ਟੈਸਟ ਨੂੰ ਲੈ ਕੇ ਉਤਸ਼ਾਹਿਤ ਦਿਖ ਰਹੇ ਅਸ਼ਵਿਨ ਨੇ ਆਪਣੇ ਟੈਸਟ ਸਫਰ ਨੂੰ ਲੈ ਕੇ ਕਿਹਾ ਕਿ ਇਹ 50ਵਾਂ ਟੈਸਟ ਮੈਚ ਹੋਵੇਗਾ ਤੇ ਪਹਿਲਾਂ ਤੋਂ ਲੈ ਕੇ 50ਵੇਂ ਮੈਚ ਤਕ ਦਾ ਸਫਰ ਚੰਗਾ ਰਿਹਾ ਹੈ, ਜਿਸ ਨੇ ਮੈਨੂੰ ਜ਼ਿਆਦਾ ਪਰਿਪੱਕ ਤੇ ਤਜਰਬੇਕਾਰ ਕ੍ਰਿਕਟਰ ਬਣਾਇਆ ਹੈ। ਮੈਨੂੰ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਵਿਚ ਮੈਂ ਹੋਰ ਕਿੰਨੇ ਟੈਸਟ ਖੇਡ ਸਕਾਂਗਾ ਪਰ ਜਿੰਨੇ ਵੀ ਮੈਚ ਮੈਂ ਅੱਜ ਤਕ ਖੇਡੇ ਹਨ, ਉਨ੍ਹਾਂ ਨਾਲ ਮੈਂ ਇਕ ਬਿਹਤਰ ਕ੍ਰਿਕਟਰ ਬਣ ਗਿਆ ਹਾਂ।

2015 ਦੇ ਸ਼੍ਰੀਲੰਕਾਈ ਦੌਰੇ ਸਮੇਂ ਟੀਮ ਦੀ ਸਥਿਤੀ 'ਸੈਂਡਵਿਚ' ਵਰਗੀ ਸੀ

ਸਾਲ 2015 ਦੇ ਸ਼੍ਰੀਲੰਕਾ ਦੌਰੇ ਤੇ ਮੌਜੂਦਾ ਦੌਰੇ ਨੂੰ ਲੈ ਕੇ ਅਸ਼ਵਿਨ ਨੇ ਕਿਹਾ ਕਿ ਉਸ ਸਮੇਂ ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਵਿਚਾਲੇ ਕਪਤਾਨੀ ਨੂੰ ਲੈ ਕੇ ਅਦਲਾ-ਬਦਲੀ ਨਾਲ ਟੀਮ ਦੀ ਸਥਿਤੀ 'ਸੈਂਡਵਿਚ' ਵਰਗੀ ਸੀ ਪਰ ਹੁਣ ਇਸ ਵਿਚ ਬਦਲਾਅ ਆ ਗਿਆ ਹੈ। ਉਸ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਸਾਲਾਂ ਵਿਚ ਬਹੁਤ ਹੀ ਚੰਗੀ ਕ੍ਰਿਕਟ ਖੇਡੀ ਹੈ ਤੇ ਕਈ ਨੌਜਵਾਨ ਖਿਡਾਰੀ ਵੀ ਟੀਮ ਨਾਲ ਜੁੜੇ ਹਨ। ਅਸੀਂ ਕਈ ਟੈਸਟ ਜਿੱਤੇ ਹਨ ਤੇ ਹੁਣ ਕਿਤੇ ਬਿਹਤਰੀਨ ਟੀਮ ਬਣੇ ਹਾਂ।
ਦੁਨੀਆ ਦੀ ਨੰਬਰ ਇਕ ਟੈਸਟ ਟੀਮ ਦੇ ਤੌਰ 'ਤੇ ਸ਼੍ਰੀਲੰਕਾ ਪਹੁੰਚੀ ਭਾਰਤੀ ਟੀਮ ਨੂੰ ਲੈ ਕੇ ਉਸ ਨੇ ਕਿਹਾ ਕਿ ਸਾਡੀ ਟੀਮ ਦੇ ਖਿਡਾਰੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਮੈਂ ਤੇ ਰਵਿੰਦਰ ਜਡੇਜਾ ਨੇ ਵੀ ਚੰਗਾ ਕੀਤਾ ਹੈ ਤੇ ਕਈ ਨੌਜਵਾਨ ਖਿਡਾਰੀ ਵੀ ਨਿਰੰਤਰ ਵਧੀਆ ਖੇਡ ਰਹੇ ਹਨ ਤੇ ਇਨ੍ਹਾਂ ਦੀ ਖੇਡ ਨੇ ਹੀ ਟੀਮ ਨੂੰ ਇਸ ਸਥਿਤੀ ਵਿਚ ਪਹੁੰਚਾਇਆ ਹੈ।


Related News