ਰਾਂਚੀ ਟੈਸਟ 'ਚ KL ਰਾਹੁਲ ਦੀ ਟੀਮ ਇੰਡੀਆ 'ਚ ਹੋ ਸਕਦੀ ਹੈ ਵਾਪਸੀ, ਦੇਖੋ ਖੇਡ ਦੀਆਂ 5 ਵੱਡੀਆਂ ਖ਼ਬਰਾਂ

Monday, Feb 19, 2024 - 07:23 PM (IST)

ਰਾਂਚੀ ਟੈਸਟ 'ਚ KL ਰਾਹੁਲ ਦੀ ਟੀਮ ਇੰਡੀਆ 'ਚ ਹੋ ਸਕਦੀ ਹੈ ਵਾਪਸੀ, ਦੇਖੋ ਖੇਡ ਦੀਆਂ 5 ਵੱਡੀਆਂ ਖ਼ਬਰਾਂ

ਸਪੋਰਟਸ ਡੈਸਕ- ਭਾਰਤੀ ਖੇਡ ਜਗਤ ਲਈ 19 ਫਰਵਰੀ ਦਾ ਦਿਨ ਕਾਫੀ ਖਾਸ ਰਿਹਾ। ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਮਹਿਲਾ ਟੀਮ ਨੇ ਉਜ਼ਬੇਕਿਸਤਾਨ ਨੂੰ ਹਰਾਇਆ ਜਦਕਿ ਕ੍ਰਿਕਟ ਪ੍ਰਸ਼ੰਸਕਾਂ ਲਈ ਵੀ ਅੱਜ ਦਾ ਦਿਨ ਖੁਸ਼ਖਬਰੀ ਲੈ ਕੇ ਆਇਆ। ਸੂਤਰਾਂ ਮੁਤਾਬਕ ਕੇ. ਐੱਲ. ਰਾਹੁਲ ਰਾਂਚੀ ਟੈਸਟ 'ਚ ਵਾਪਸੀ ਕਰ ਸਕਦੇ ਹਨ। ਆਓ ਜਾਣਦੇ ਹਾਂ ਖੇਡ ਜਗਤ ਦੀਆਂ 5 ਵੱਡੀਆਂ ਖਬਰਾਂ।

1. IND vs ENG : ਰਾਂਚੀ ਟੈਸਟ 'ਚ ਵਾਪਸੀ ਕਰ ਸਕਦੇ ਹਨ  ਕੇ. ਐੱਲ. ਰਾਹੁਲ

ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਖਬਰਾਂ ਮੁਤਾਬਕ ਟੀਮ ਦੇ ਇੰਡੀਆ ਦੇ ਧਾਕੜ ਬੱਲੇਬਾਜ਼ ਕੇ. ਐੱਲ. ਰਾਹੁਲ 'ਕਵਾਡ੍ਰਿਸਪਸ (ਪੱਟ ਮਾਸਪੇਸ਼ੀ)' ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਟੀਮ ਇੰਡੀਆ 'ਚ ਵਾਪਸੀ ਕਰ ਸਕਦੇ ਹਨ। ਫਿਲਹਾਲ ਭਾਰਤ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅੱਗੇ ਹੈ। 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇੱਕ ਸੂਤਰ ਨੇ ਕਿਹਾ, "ਟੀਮ ਭਲਕੇ ਰਾਂਚੀ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਪੂਰੀ ਫਿਟਨੈੱਸ ਮੁੜ ਹਾਸਲ ਕਰਨ ਦੇ ਕਰੀਬ ਹੈ ਅਤੇ ਉਹ ਟੀਮ ਨਾਲ ਜੁੜਨ ਲਈ ਤਿਆਰ ਹੈ। ਰਾਹੁਲ ਆਪਣੇ ਸੱਜੇ ਕਵਾਡ੍ਰਿਸਪਸ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦੂਜਾ ਅਤੇ ਤੀਜਾ ਟੈਸਟ ਨਹੀਂ ਖੇਡ ਸਕੇ ਸਨ। ਰਾਹੁਲ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਦਾ ਸਰਵੋਤਮ ਬੱਲੇਬਾਜ਼ ਸੀ। ਇਸ ਤੋਂ ਬਾਅਦ ਉਹ ਸੱਟ ਕਾਰਨ ਅਗਲੇ ਦੋ ਮੈਚ ਨਹੀਂ ਖੇਡ ਸਕੇ।

2. ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ : ਭਾਰਤੀ ਮਹਿਲਾ ਟੀਮ ਨੇ ਉਜ਼ਬੇਕਿਸਤਾਨ ਨੂੰ 3-0 ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਇੱਥੇ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ ਵਿਚ ਉਜ਼ਬੇਕਿਸਤਾਨ ਨੂੰ ਹਰਾਇਆ। ਆਯਹਿਕਾ ਮੁਖਰਜੀ ਅਤੇ ਸ੍ਰੀਜਾ ਅਕੁਲਾ ਨੂੰ ਆਰਾਮ ਦਿੱਤੇ ਜਾਣ ਦੇ ਬਾਵਜੂਦ ਭਾਰਤ ਨੇ ਉਜ਼ਬੇਕਿਸਤਾਨ ਨੂੰ 3-0 ਨਾਲ ਹਰਾਇਆ। ਅਰਚਨਾ ਕਾਮਤ ਅਤੇ ਦੀਆ ਚਿਤਲੇ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਮੈਚ ਜਿੱਤੇ।

ਇਸ ਤੋਂ ਇਲਾਵਾ ਸੀਨੀਅਰ ਸਾਥੀ ਮਨਿਕਾ ਬੱਤਰਾ ਨੇ ਵੀ ਜਿੱਤ ਦਰਜ ਕਰਕੇ ਭਾਰਤ ਨੂੰ 3-0 ਨਾਲ ਜਿੱਤ ਦਿਵਾਈ। ਅਰਚਨਾ ਨੇ ਰੀਮਾ ਗੁਫਰਾਨੋਵ ਨੂੰ 11-7, 11-3, 11-6 ਨਾਲ ਹਰਾਇਆ ਜਦਕਿ ਮਨਿਕਾ ਨੇ ਮਾਰਖਾਬੋ ਮਾਗਦੀਵਾ ਨੂੰ 11-7, 11-4, 11-1 ਨਾਲ ਹਰਾਇਆ। ਦੀਆ ਨੇ ਰੋਜ਼ਾਲੀਨਾ ਖਾਦਜੀਵਾ ਨੂੰ ਸਖ਼ਤ ਮੁਕਾਬਲੇ ਵਿੱਚ 11-6, 10-12, 11-4, 11-6 ਨਾਲ ਹਰਾ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। 

3. ਭਾਰਤੀ ਕ੍ਰਿਕਟਰ ਫੈਜ਼ ਫਜ਼ਲ ਨੇ ਪੇਸ਼ੇਵਰ ਕ੍ਰਿਕਟ ਤੋਂ ਲਿਆ ਸੰਨਿਆਸ

ਵਿਦਰਭ ਦੇ ਸਾਬਕਾ ਕਪਤਾਨ ਅਤੇ ਦੇਸ਼ ਲਈ ਇਕਲੌਤਾ ਵਨਡੇ ਖੇਡਣ ਵਾਲੇ ਫੈਜ਼ ਫਜ਼ਲ ਨੇ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਫਜ਼ਲ ਨੇ ਐਲਾਨ ਕੀਤਾ ਕਿ 'ਕੱਲ ਮੈਂ ਨਾਗਪੁਰ ਦੇ ਮੈਦਾਨ 'ਤੇ ਆਖਰੀ ਵਾਰ ਕ੍ਰਿਕਟ ਖੇਡਾਂਗਾ, ਜਿੱਥੇ 21 ਸਾਲ ਪਹਿਲਾਂ ਮੇਰੀ ਪਹਿਲੀ ਸ਼੍ਰੇਣੀ ਕ੍ਰਿਕਟ ਦਾ ਸਫਰ ਸ਼ੁਰੂ ਹੋਇਆ ਸੀ। ਇਹ ਇੱਕ ਅਭੁੱਲ ਯਾਦ ਹੈ, ਜਿਸ ਨੂੰ ਮੈਂ ਸਾਰੀ ਉਮਰ ਯਾਦ ਰੱਖਾਂਗਾ।

ਉਸ ਨੇ ਕਿਹਾ, 'ਵਿਦਰਭ ਅਤੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਾ ਅਤੇ ਉਹ ਜਰਸੀ ਪਹਿਨਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਆਪਣੀ 24 ਨੰਬਰ ਜਰਸੀ ਨੂੰ ਬਹੁਤ ਯਾਦ ਕਰਾਂਗਾ। ਜਦੋਂ ਇੱਕ ਅਧਿਆਇ ਖਤਮ ਹੁੰਦਾ ਹੈ, ਇੱਕ ਹੋਰ ਅਧਿਆਇ ਤੁਹਾਡੀ ਉਡੀਕ ਕਰ ਰਿਹਾ ਹੁੰਦਾ ਹੈ। ਮੈਂ ਦੇਖਦਾ ਹਾਂ ਕਿ ਜ਼ਿੰਦਗੀ ਮੈਨੂੰ ਅੱਗੇ ਕਿਹੜੇ ਮੌਕੇ ਪ੍ਰਦਾਨ ਕਰਦੀ ਹੈ।

4. ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਵਿਸ਼ਵ ਚੈਂਪੀਅਨਸ਼ਿਪ 'ਚ ਦੱਖਣੀ ਕੋਰੀਆ ਤੋਂ ਹਾਰੀ

ਭਾਰਤ ਨੂੰ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ 'ਚ ਉਸ ਸਮੇਂ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਪੁਰਸ਼ ਟੀਮ ਸੋਮਵਾਰ ਨੂੰ ਇੱਥੇ ਮੇਜ਼ਬਾਨ ਦੱਖਣੀ ਕੋਰੀਆ ਤੋਂ 0-3 ਨਾਲ ਹਾਰ ਗਈ। ਤਜਰਬੇਕਾਰ ਸ਼ਰਤ ਕਮਲ, ਰਾਸ਼ਟਰੀ ਚੈਂਪੀਅਨ ਹਰਮੀਤ ਦੇਸਾਈ ਅਤੇ ਜੀ ਸਾਥੀਆਨ ਆਪਣੇ ਸਿੰਗਲ ਮੈਚ ਹਾਰ ਗਏ ਜਿਸ ਨਾਲ ਭਾਰਤ ਨੂੰ ਤੀਜਾ ਦਰਜਾ ਪ੍ਰਾਪਤ ਕੋਰੀਆ ਦੇ ਖਿਲਾਫ ਆਪਣੇ ਤੀਜੇ ਗਰੁੱਪ ਪੜਾਅ ਦੇ ਮੈਚ ਵਿੱਚ ਇੱਕਤਰਫਾ ਹਾਰ ਦਾ ਸਾਹਮਣਾ ਕਰਨਾ ਪਿਆ।

5. IND vs ENG : ਬੁਮਰਾਹ ਨੂੰ ਰਾਂਚੀ ਟੈਸਟ 'ਚ ਮਿਲ ਸਕਦਾ ਹੈ ਆਰਾਮ

ਭਾਰਤ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇੰਗਲੈਂਡ ਖਿਲਾਫ 23 ਫਰਵਰੀ ਤੋਂ ਰਾਂਚੀ 'ਚ ਖੇਡੇ ਜਾਣ ਵਾਲੇ ਚੌਥੇ ਟੈਸਟ ਮੈਚ ਤੋਂ ਆਰਾਮ ਮਿਲ ਸਕਦਾ ਹੈ। ਪੰਜ ਮੈਚਾਂ ਦੀ ਇਸ ਲੜੀ ਵਿੱਚ ਬੁਮਰਾਹ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸ ਦੇ ਨਾਂ ਤਿੰਨ ਮੈਚਾਂ 'ਚ 17 ਵਿਕਟਾਂ ਹਨ। ਉਸਨੇ ਵਿਸ਼ਾਖਾਪਟਨਮ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਲਈ ਇਕੱਲਿਆਂ ਅਗਵਾਈ ਕੀਤੀ।

ਬੁਮਰਾਹ ਨੂੰ ਆਰਾਮ ਦੇਣ ਦਾ ਫੈਸਲਾ ਹੈਰਾਨੀਜਨਕ ਨਹੀਂ ਹੈ ਕਿਉਂਕਿ ਉਸ ਨੇ ਪਹਿਲੇ ਤਿੰਨ ਟੈਸਟ ਮੈਚਾਂ ਵਿੱਚ 80.5 ਓਵਰ ਸੁੱਟੇ ਹਨ। ਗੇਂਦਬਾਜ਼ਾਂ ਦੇ ਕੰਮ ਦੇ ਬੋਝ ਨੂੰ ਸੰਭਾਲਣ ਲਈ ਭਾਰਤੀ ਟੀਮ ਨੇ ਵਿਸ਼ਾਖਾਪਟਨਮ ਵਿੱਚ ਦੂਜੇ ਟੈਸਟ ਮੈਚ ਵਿੱਚ ਮੁਹੰਮਦ ਸਿਰਾਜ ਨੂੰ ਆਰਾਮ ਦਿੱਤਾ। ਉਨ੍ਹਾਂ ਨੇ ਰਾਜਕੋਟ ਟੈਸਟ 'ਚ ਟੀਮ 'ਚ ਵਾਪਸੀ ਕੀਤੀ ਸੀ। ਸਿਰਾਜ ਨੇ ਇਸ ਟੈਸਟ ਦੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ ਸਨ। ਭਾਰਤੀ ਟੀਮ ਨੇ ਇਹ ਮੈਚ 434 ਦੌੜਾਂ ਨਾਲ ਜਿੱਤਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tarsem Singh

Content Editor

Related News