ਇਸ ਖਿਡਾਰੀ ਨੇ ICC ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਬੈਨ ਦੇ ਬਾਅਦ ਵੀ ਕੀਤੀ ਲਾਰ ਦੀ ਵਰਤੋਂ! (ਵੀਡੀਓ)
Monday, Jul 13, 2020 - 05:31 PM (IST)
ਸਪੋਰਟਸ ਡੈਸਕ– ਕੋਰੋਨਾ ਮਹਾਮਾਰੀ ਦੇ ਚਲਦੇ 4 ਮਹੀਨਿਆਂ ਬਾਅਦ ਇੰਟਰਨੈਸ਼ਨਲ ਕ੍ਰਿਕਟ ਦੀ ਸ਼ੁਰੂਆਤ ਹੋਈ। ਇਸ ਮੈਚ ’ਚ ਖਿਡਾਰੀਆਂ ਦੀ ਸੁਰੱਖਿਆ ਲਈ ਆਈ.ਸੀ.ਸੀ. ਨੇ ਕੁਝ ਨਵੇਂ ਨਿਯਮ ਵੀ ਬਣਾਏ ਹਨ ਜਿਨ੍ਹਾਂ ’ਚ ਗੇਂਦ ’ਤੇ ਲਾਰ ਦੀ ਵਰਤੋਂ ਬੈਨ ਸੀ। ਪਰ ਇੰਗਲੈਂਡ ਦੇ ਗੇਂਦਬਾਜ਼ ਜੇਮਸ ਐਂਡਰਸਨ ਇਸ ਨਿਯਮ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ, ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਖੇਡੇ ਗਏ ਪਹਿਲੇ ਟੈਸਟ ਦੇ ਆਖਰੀ ਯਾਨੀ ਪੰਜਵੇਂ ਦਿਨ ਉਨ੍ਹਾਂ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ ਕੀਤੀ ਸੀ। ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਸੀ ਕੈਮਰੇ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਇਹ ਹਰਕਤ ਕੈਮਰੇ ’ਚ ਰਿਕਾਰਡ ਹੋ ਗਈ। ਇਸ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਐਂਡਰਸਨ ਪ੍ਰਸ਼ੰਸਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਹਾਲਾਂਕਿ ਵੀਡੀਓ ਵੇਖਣ ’ਤੇ ਇਹ ਸਾਫ਼ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਲਾਰ ਦੀ ਵਰਤੋਂ ਕਰ ਰਹੇ ਸਨ ਜਾਂ ਪਸੀਨੇ ਦੀ। ਇਸ ’ਤੇ ਇੰਗਲੈਂਡ ਕ੍ਰਿਕਟ ਵਲੋਂ ਜਾਂ ਖਿਡਾਰੀਆਂ ਵਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ।
Jimmy Anderson blatantly putting saliva on the ball, pretty sure that's outlawed #bbccricket pic.twitter.com/MKDlM62ht6
— Si Lomas (@SLomasSCFC1883) July 12, 2020
ਜ਼ਿਕਰਯੋਗ ਹੈ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਈ.ਸੀ.ਸੀ. ਨੇ ਕੁਝ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। ਇਨ੍ਹਾਂ ’ਚ ਗੇਂਦ ’ਤੇ ਲਾਰ ਦੀ ਵਰਤੋਂ ਦੀ ਮਨਾਹੀ ਹੈ। ਉਥੇ ਹੀ ਮੈਚ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਕਾਰ ਖੇਡੇ ਗਏ ਮੈਚ ’ਚ ਬ੍ਰਿਟਿਸ਼ ਖਿਡਾਰੀਆਂ ਨੂੰ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।