ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ ਭਾਰਤੀ ਮਹਿਲਾ ਟੀਮ

06/29/2021 1:26:24 PM

ਸਪੋਰਟਸ ਡੈਸਕ (ਭਾਸ਼ਾ) : ਭਾਰਤ ਬੱਲੇਬਾਜ਼ੀ ਪ੍ਰਤੀ ਆਪਣੇ ਦ੍ਰਿਸ਼ਟੀਕੋਣ ’ਚ ਬਦਲਾਅ ਲਿਆ ਕੇ ਇੰਗਲੈਂਡ ਖ਼ਿਲਾਫ਼ ਬੁੱਧਵਾਰ ਨੂੰ ਇਥੇ ਦੂਸਰੇ ਮਹਿਲਾ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਜਿੱਤ ਦਰਜ ਕਰ ਕੇ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਪਿਛਲੇ ਮੈਚ ’ਚ 181 ਗੇਂਦਾਂ ਖਾਲੀ ਜਾਣ ਦਿੱਤੀਆਂ ਸਨ, ਜਿਸ ਦਾ ਅਸਰ ਸਕੋਰ ’ਤੇ ਵੀ ਪਿਆ ਤੇ ਟੀਮ ਸਿਰਫ਼ 201 ਦੌੜਾਂ ਹੀ ਬਣਾ ਸਕੀ। ਇੰਗਲੈਂਡ ਨੇ ਇਹ ਸਕੋਰ ਆਸਾਨੀ ਨਾਲ ਹਾਸਲ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ।

ਅਗਲੇ ਸਾਲ ਸ਼ੁਰੂ ਵਿਚ ਨਿਊਜ਼ੀਲੈਂਡ ’ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਸਾਰੇ ਵਿਭਾਗਾਂ ਵਿਚ ਸੁਧਾਰ ਕਰਨਾ ਪਵੇਗਾ। ਕਪਤਾਨ ਮਿਤਾਲੀ ਰਾਜ ਵੀ ਇਹ ਗੱਲ ਸਵੀਕਾਰ ਕਰ ਚੁੱਕੀ ਹੈ। ਇਸ ਮੈਚ ਵਿਚ ਭਾਰਤ ਅੰਤਿਮ ਇਲੈਵਨ ਵਿਚ ਕੁਝ ਬਦਲਾਅ ਕਰ ਸਕਦਾ ਹੈ, ਕਿਉਂਕਿ ਬੱਲੇਬਾਜ਼ਾਂ ਦੀ ਸਟ੍ਰਾਈਕ ਰੋਟੇਟ ਕਰਨ ਵਿਚ ਨਾਕਾਮੀ ਟੀਮ ਲਈ ਵੱਡਾ ਮਸਲਾ ਬਣ ਗਈ ਹੈ। ਸਾਬਕਾ ਭਾਰਤੀ ਕਪਤਾਨ ਡਾਇਨਾ ਐਡੁਲਜੀ ਦਾ ਮੰਨਣਾ ਹੈ ਕਿ ਮੱਧਕ੍ਰਮ ਵਿਚ ਕਈ ਖਿਡਾਰੀ ਹਨ, ਜੋ ਪਾਰੀ ਸੰਵਾਰ ਸਕਦੀਆਂ ਹਨ। ਅਜਿਹੀ ਹਾਲਤ ਵਿਚ ਪੂਨਮ ਰਾਉੂਤ ਦੀ ਜਗ੍ਹਾ ਜੇਮਿਮਾ ਰੋਡ੍ਰਿਗਜ਼ ਨੂੰ ਤੀਸਰੇ ਨੰਬਰ ’ਤੇ ਉਤਾਰਿਆ ਜਾ ਸਕਦਾ ਹੈ। 

ਭਾਰਤ 2017 ਵਿਸ਼ਵ ਕੱਪ ਤੋਂ ਬਾਅਦ ਸਿਰਫ਼ ਤਿੰਨ ਵਾਰ 250 ਤੋਂ ਵੱਧ ਦਾ ਸਕੋਰ ਬਣਾ ਸਕਿਆ ਹੈ, ਜੋ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਟੀਮ ਇੰਗਲੈਂਡ ਤੇ ਆਸਟਰੇਲੀਆ ਵਰਗੀ ਮਜ਼ਬੂਤ ਟੀਮਾਂ ਖ਼ਿਲਾਫ਼ ਵੱਡਾ ਸਕੋਰ ਬਣਾਉਣ ਵਿਚ ਨਾਕਾਮ ਰਹੀ ਹੈ। ਪਿਛਲੇ ਮੈਚ ਵਿਚ ਮਿਤਾਲੀ ਨੇ ਭਾਵੇਂ ਹੀ 72 ਦੌੜਾਂ ਬਣਾਈਆਂ ਪਰ ਉਨ੍ਹਾਂ ਦੀ ਸਟ੍ਰਾਈਕ ਰੇਟ ਵਿਚ ਥੋੜ੍ਹੇ ਸੁਧਾਰ ਦੀ ਜ਼ਰੂਰਤ ਹੈ। ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣੀ ਹੋਵੇਗੀ। ਟੀਮ ਨੂੰ ਉਨ੍ਹਾਂ ਤੋਂ ਵੱਡੀ ਪਾਰੀ ਦੀ ਜ਼ਰੂਰਤ ਹੈ। ਭਾਰਤ ਪਿਛਲੇ ਮੈਚ ਵਿਚ ਤਿੰਨ ਤੇਜ਼ ਗੇਂਦਬਾਜ਼ਾਂ ਤੇ ਇਕ ਬਿਸ਼ਟ ਦੇ ਤੌਰ ’ਤੇ ਇਕ ਸਪਿਨਰ ਦੇ ਨਾਲ ਉਤਰਿਆ ਸੀ।

ਬ੍ਰਿਟਿਸ਼ ਦੌਰੇ ਵਿਚ ਵਾਪਸੀ ਕਰਨ ਵਾਲੀ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਕਿਸੇ ਵੀ ਸਮੇਂ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਵਿਚ ਨਹੀਂ ਪਾ ਸਕੀ। ਉਨ੍ਹਾਂ ਨੂੰ ਦੁੂਸਰੇ ਵਨਡੇ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਸਥਾਨ ’ਤੇ ਅਰੂੰਧਤੀ ਰੈੱਡੀ ਨੂੰ ਦੂਸਰੇ ਸਪਿਨਰ ਦੇ ਤੌਰ ’ਤੇ ਸ਼ਾਮਲ ਕੀਤਾ ਜਾ ਸਕਦਾ ਹੈ। ਟੈਸਟ ਕ੍ਰਿਕਟ ਵਿਚ ਡੈਬਿਊ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸਨੇਹ ਰਾਣਾ ਤੇ ਦੀਪਤੀ ਸ਼ਰਮਾ ਸਪਿਨ ਆਲਰਾਊਂਡਰ ਦੀ ਭੂਮਿਕਾ ਨਿਭਾ ਸਕਦੀਆਂ ਹਨ। ਜਿਥੋਂ ਤੱਕ ਇੰਗਲੈਂਡ ਦਾ ਸਵਾਲ ਹੈ ਤਾਂ ਉਸ ਨੇ ਪਿਛਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਹ ਉਸੇ ਤਰ੍ਹਾਂ ਦੀ ਖੇਡ ਨੂੰ ਜਾਰੀ ਰੱਖਣਾ ਚਾਹੇਗਾ।

ਟੀਮਾਂ ਇਸ ਪ੍ਰਕਾਰ ਹਨ
ਭਾਰਤ :
ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਪੂਨਮ ਰਾਊਤ, ਹਰਮਨਪ੍ਰੀਤ ਕੌਰ (ਉਪ-ਕਪਤਾਨ), ਦੀਪਤੀ ਸ਼ਰਮਾ, ਤਾਨੀਆ ਭਾਟੀਆ (ਵਿਕਟਕੀਪਰ), ਸਨੇਹ ਰਾਣਾ, ਝੂਲਣ ਗੋਸਵਾਮ, ਸਿਖ਼ਾ ਪਾਂਡੇ, ਜੇਮਿਮਾ ਰੋਡਰਿਗਜ਼, ਅਰੂੰਧਤੀ ਰੈਡੀ, ਪੂਜਾ ਵਾਰਤਕਰ, ਏਕਤਾ ਬਿਸ਼ਟ, ਰਾਧਾ ਯਾਦਵ, ਪੂਨਵ ਯਾਦਵ, ਪ੍ਰਿਆ ਪੂਨੀਆ, ਇੰਦਰਾਨੀ ਰਾਏ (ਵਿਕਟਕੀਪਰ)।

ਇੰਗਲੈਂਡ : ਹੀਥਰ ਨਾਈਟ (ਕਪਤਾਨ), ਟੈਮੀ ਬਿਊਮੋਂਟ, ਕੇਟ ਕਰੋਸ, ਨੈਟ ਸਾਈਵਰ, ਸੋਫੀਆ ਡੰਕਲੇ, ਲਾਰੇਨ ਵਿਨਫੀਲਡ-ਹਿਲ, ਅਨਿਆ ਸ਼੍ਰਬਸੋਲ, ਕੈਥਰੀਨ ਬਰੰਟ, ਸੋਫੀ ਐਕਲੇਸਟੋਨ, ਐਮੀ ਜੋਨਸ (ਵਿਕਟਕੀਪਰ), ਫਰੇਆ ਡੈਵਿਸ, ਟੈਸ਼ ਫਾਰੰਟ, ਸਰਾਹ ਗਲੇਨ, ਮੈਡੀ ਵਿਲੀਅਰਸ, ਫ੍ਰੈਲ ਵਿਲਸਨ, ਸਾਰਾ ਗਲੇਨ, ਏਮਿਲੀ ਅਲਾਰਟ।
ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 6:30 ਵਜੇ ਤੋਂ ਸ਼ੁਰੂ ਹੋਵੇਗਾ।
 


cherry

Content Editor

Related News