ENG vs PAK : ਫਾਲੋਆਨ ਖੇਡਦੇ ਹੋਏ ਪਾਕਿ ਨੇ ਬਿਨਾਂ ਕਿਸੇ ਨੁਕਸਾਨ ਦੇ ਬਣਾਈਆਂ 41 ਦੌੜਾਂ

Monday, Aug 24, 2020 - 07:41 PM (IST)

ENG vs PAK : ਫਾਲੋਆਨ ਖੇਡਦੇ ਹੋਏ ਪਾਕਿ ਨੇ ਬਿਨਾਂ ਕਿਸੇ ਨੁਕਸਾਨ ਦੇ ਬਣਾਈਆਂ 41 ਦੌੜਾਂ

ਸਾਊਥੰਪਟਨ– ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜਿੰਮੀ ਐਂਡਰਸਨ ਦਾ ਆਪਣੀ 600ਵੀਂ ਟੈਸਟ ਵਿਕਟ ਲਈ ਇੰਤਜ਼ਾਰ ਹੋਰ ਲੰਬਾ ਹੁੰਦਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਵਿਰੁੱਧ ਤੀਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਚੌਥੇ ਦਿਨ ਵੀ ਉਸਦੀ ਗੇਂਦ 'ਤੇ ਇਕ ਕੈਚ ਛੁੱਟ ਗਿਆ। ਪਾਕਿਸਤਾਨ ਨੇ ਫਾਲੋਆਨ ਖੇਡਦੇ ਹੋਏ ਦੂਜੀ ਪਾਰੀ ਵਿਚ ਬਿਨਾਂ ਕਿਸੇ ਨੁਕਸਾਨ ਦੇ 41 ਦੌੜਾਂ ਬਣਾ ਲਈਆਂ ਸਨ ਜਦੋਂ ਮੀਂਹ ਕਾਰਣ ਲੰਚ ਬ੍ਰੇਕ ਪਹਿਲਾਂ ਲੈਣੀ ਪਈ। ਸਵੇਰ ਦੇ ਸੈਸ਼ਨ ਵਿਚ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਸ਼ਾਨ ਮਸੂਦ (13) ਤੇ ਆਬਿਦ ਅਲੀ (22) ਨੇ ਸੰਭਲ ਕੇ ਖੇਡਿਆ।

PunjabKesari
ਹੁਣ ਤਕ ਟੈਸਟ ਕ੍ਰਿਕਟ ਵਿਚ 598 ਵਿਕਟਾਂ ਲੈ ਚੁੱਕੇ ਐਂਡਰਸਨ ਦੀ ਗੇਂਦ 5ਵੇਂ ਓਵਰ ਵਿਚ ਸ਼ਾਨ ਦੇ ਬੱਲੇ ਨਾਲ ਟਕਰਾਅ ਕੇ ਵਿਕਟਕੀਪਰ ਜੋਸ ਬਟਲਰ ਦੇ ਕੋਲ ਪਹੁੰਚੀ ਪਰ ਉਹ ਕੈਚ ਫੜਨ ਵਿਚ ਅਸਫਲ ਰਿਹਾ। ਇਸ ਤੋਂ ਪਹਿਲਾਂ ਤੀਜੇ ਦਿਨ ਵੀ ਰੋਰੀ ਬਰਨਸ ਤੇ ਜੈਕ ਕ੍ਰਾਓਲੀ ਨੇ ਉਸਦੀਆਂ ਗੇਂਦਾਂ 'ਤੇ ਕੈਚ ਛੱਡੇ ਸਨ। ਪਾਕਿਸਤਾਨ ਦੀਆਂ ਦੋਵੇਂ ਪਾਰੀਆਂ ਵਿਚ ਹੁਣ ਤਕ ਐਂਡਰਸਨ ਦੀਆਂ ਗੇਂਦਾਂ 'ਤੇ 4 ਵਾਰ ਕੈਚ ਛੁੱਟ ਚੁੱਕੇ ਹਨ। ਉਹ 600 ਟੈਸਟ ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣਨ ਦੇ ਨੇੜੇ ਹੈ। ਹੁਣ ਤਕ ਮੁਥੱਈਆ ਮੁਰਲੀਧਰਨ (800), ਸ਼ੇਨ ਵਾਰਨ (708) ਤੇ ਅਨਿਲ ਕੁੰਬਲੇ (619) ਉਸ ਤੋਂ ਵੱਧ ਵਿਕਟਾਂ ਲੈ ਚੁੱਕੇ ਹਨ ਪਰ ਉਹ ਸਾਰੇ ਸਪਿਨਰ ਹਨ।

PunjabKesari
ਪਾਕਿਸਤਾਨੀ ਟੀਮ ਅਜੇ ਵੀ 269 ਦੌੜਾਂ ਨਾਲ ਪਿੱਛੇ ਹੈ ਤੇ ਮੈਚ ਉਸ ਦੇ ਹੱਥੋਂ ਲਗਭਗ ਬਾਹਰ ਹੋ ਚੁੱਕਾ ਹੈ ਤੇ ਹੁਣ ਉਹ ਡਰਾਅ ਦੀ ਹੀ ਉਮੀਦ ਕਰ ਸਕਦੀ ਹੈ। ਇੰਗਲੈਂਡ ਪਹਿਲਾ ਟੈਸਟ ਜਿੱਤ ਕੇ ਲੜੀ ਵਿਚ ਅੱਗੇ ਹੈ।

PunjabKesari


author

Gurdeep Singh

Content Editor

Related News