ਇੰਗਲੈਂਡ ਨੇ ਜ਼ਿੰਬਾਬਵੇ ਨੂੰ ਪਾਰੀ ਦੇ ਫਰਕ ਨਾਲ ਹਰਾਇਆ
Sunday, May 25, 2025 - 11:21 AM (IST)

ਨਾਟਿੰਘਮ– ਜ਼ਿੰਬਾਬਵੇ ਦੀ ਦੂਜੀ ਪਾਰੀ ਵੀ ਉਮੀਦਾਂ ਦੇ ਅਨੁਸਾਰ ਤਿੰਨ ਦਿਨ ਵਿਚ ਹੀ ਸਿਮਟ ਗਈ ਤੇ ਇੰਗਲੈਂਡ ਨੇ ਇਕਲੌਤੇ ਟੈਸਟ ਵਿਚ ਉਸ ਨੂੰ ਇਕ ਪਾਰੀ ਤੇ 45 ਦੌੜਾਂ ਦੇ ਫਰਕ ਨਾਲ ਹਰਾ ਕੇ ਭਾਰਤ ਵਿਰੁੱਧ 5 ਮੈਚਾਂ ਦੀ ਟੈਸਟ ਲੜੀ ਦੀ ਤਿਆਰੀ ਪੁਖਤਾ ਕੀਤੀ।
ਇੰਗਲੈਂਡ ਦੀਆਂ 6 ਵਿਕਟਾਂ ’ਤੇ 565 ਦੌੜਾਂ ਦੇ ਜਵਾਬ ਵਿਚ ਜ਼ਿੰਬਾਬਵੇ ਦੀ ਟੀਮ 265 ਤੇ 255 ਦੌੜਾਂ ’ਤੇ ਢੇਰ ਹੋ ਗਈ। ਇੰਗਲੈਂਡ ਨੂੰ ਭਾਰਤ ਵਿਰੁੱਧ 20 ਜੂਨ ਤੋਂ 5 ਟੈਸਟਾਂ ਦੀ ਲੜੀ ਖੇਡਣੀ ਹੈ। ਵੈਸੇ ਇਸ ਹਾਰ ਦੇ ਬਾਵਜੂਦ ਜ਼ਿੰਬਾਬਵੇ ਦੀ ਟੀਮ ਨੇ ਇੰਗਲੈਂਡ ਅੱਗੇ ਆਸਾਨੀ ਨਾਲ ਗੋਡੇ ਨਹੀਂ ਟੇਕੇ।
22 ਸਾਲਾਂ ਵਿਚ ਪਹਿਲੀ ਵਾਰ ਇੰਗਲੈਂਡ ਨਾਲ ਟੈਸਟ ਖੇਡ ਰਹੀ ਜ਼ਿੰਬਾਬਵੇ ਟੀਮ ਨੂੰ ਪਹਿਲੇ ਹੀ ਦਿਨ ਝਟਕਾ ਲੱਗਾ ਜਦੋਂ ਉਸਦਾ ਤੇਜ਼ ਗੇਂਦਬਾਜ਼ ਰਿਚਰਡ ਗਾਰਾਵਾ 9 ਓਵਰ ਸੁੱਟਣ ਤੋਂ ਬਾਅਦ ਕਮਰ ਦੀ ਸੱਟ ਕਾਰਨ ਬਾਹਰ ਹੋ ਗਿਆ। ਇੰਗਲੈਂਡ ਨੇ ਪਹਿਲੇ ਹੀ ਦਿਨ 3 ਵਿਕਟਾਂ ’ਤੇ 498 ਦੌੜਾਂ ਬਣਾ ਲਈਆਂ ਸਨ ਤੇ ਦੂਜੇ ਦਿਨ ਪਾਰੀ ਦਾ ਐਲਾਨ ਕੀਤਾ। ਗਾਰਾਵਾ ਬੱਲੇਬਾਜ਼ੀ ਲਈ ਨਹੀਂ ਆਇਆ ਜਿਸ ਨਾਲ ਇੰਗਲੈਂਡ ਨੂੰ ਦੋਵਾਂ ਪਾਰੀਆਂ ਵਿਚ ਕੁੱਲ ਮਿਲਾ ਕੇ 18 ਵਿਕਟਾਂ ਹੀ ਲੈਣੀਆਂ ਪਈਆਂ।