ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੈਸਟ ’ਚ 8 ਵਿਕਟਾਂ ਨਾਲ ਹਰਾਇਆ
Monday, Dec 02, 2024 - 02:03 PM (IST)
ਕ੍ਰਾਈਸਟਚਰਚ– ਹੈਰੀ ਬਰੂਕ (171 ਦੌੜਾਂ), ਬਾਈਡਨ ਕਾਰਸ (6 ਵਿਕਟਾਂ) ਤੇ ਜੈਕਬ ਬੇਥੇਲ (ਅਜੇਤੂ 50 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਪਹਿਲੇ ਟੈਸਟ ਮੈਚ ਵਿਚ ਐਤਵਾਰ ਨੂੰ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਨੇ ਸਿਰਫ 12.4 ਓਵਰਾਂ ਵਿਚ 2 ਵਿਕਟਾਂ ’ਤੇ 104 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਕੇ ਇਹ ਜਿੱਤ ਦਰਜ ਕੀਤੀ।
ਚੌਥੇ ਦਿਨ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੀ ਪੂਰੀ ਟੀਮ 254 ਦੌੜਾਂ ’ਤੇ ਸਮੇਟ ਦਿੱਤੀ ਸੀ। ਡੈਰਿਲ ਮਿਸ਼ੇਲ ਨੇ 84 ਤੇ ਕੇਨ ਵਿਲੀਅਮਸਨ ਨੇ 61 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਤੋਂ ਬਾਅਦ ਇੰਗਲੈਂਡ ਨੂੰ ਜਿੱਤ ਲਈ 104 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਉਸ ਨੇ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇੰਗਲੈਂਡ ਵੱਲੋਂ ਬ੍ਰਾਇਡਨ ਕਾਰਸ ਨੇ 19.1 ਓਵਰ ਵਿਚ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਕ੍ਰਿਸ ਵੋਕਸ ਨੂੰ ਤਿੰਨ ਵਿਕਟਾਂ ਮਿਲੀਆਂ। ਗਸ ਐਟਕਿੰਸਨ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਸਭ ਤੋਂ ਘੱਟ ਓਵਰਾਂ ਵਿਚ ਟੈਸਟ ਕ੍ਰਿਕਟ ਵਿਚ 100 ਤੋਂ ਵੱਧ ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਦਾ ਵਿਸ਼ਵ ਰਿਕਾਰਡ ਵੀ ਬਣਾਇਆ।
ਇੰਗਲੈਂਡ ਲਈ ਜਿੱਥੇ ਹੈਰੀ ਬਰੂਕ ਨੇ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਉੱਥੇ ਹੀ, ਬ੍ਰਾਇਡਨ ਕਾਰਸ ਨੇ ਪੂਰੇ ਮੈਚ ਵਿਚ 10 ਵਿਕਟਾਂ ਲਈਆਂ। ਉਸ ਨੇ ਪਹਿਲੀ ਪਾਰੀ ਵਿਚ 19 ਓਵਰਾਂ ਵਿਚ 64 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉੱਥੇ ਹੀ, ਦੂਜੀ ਪਾਰੀ ਵਿਚ ਉਸ ਨੇ 19.1 ਓਵਰਾਂ ਵਿਚ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਉਸ ਨੂੰ ਬਿਹਤਰੀਨ ਗੇਂਦਬਾਜ਼ੀ ਲਈ ‘ਪਲੇਅਰ ਆਫ ਦਿ ਮੈਚ’ ਨਾਲ ਸਨਾਮਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ ਕੇਨ ਵਿਲੀਅਮਸਨ (93), ਕਪਤਾਨ ਟਾਮ ਲਾਥਮ (47) ਤੇ ਗਲੇਨ ਫਿਲਿਪਸ (ਅਜੇਤੂ 58) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ 348 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਇੰਗਲੈਂਡ ਨੇ ਆਪਣੀ ਪਹਿਲੀ ਵਿਚ ਹੈਰੀ ਬਰੂਕ (171), ਬੇਨ ਸਟੋਕਸ (80), ਗਸ ਐਟਕਿੰਸਨ (48) ਤੇ ਬੇਨ ਡਕੇਟ (46) ਦੀਆਂ ਬਿਹਤਰੀਨ ਪਾਰੀਆਂ ਦੀ ਮਦਦ ਨਾਲ 499 ਦਾ ਸਕੋਰ ਖੜ੍ਹਾ ਕਰਕੇ ਪਹਿਲੀ ਪਾਰੀ ਦੇ ਆਧਾਰ ’ਤੇ 151 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਨਿਊਜ਼ੀਲੈਂਡ ਵੱਲੋਂ ਮੈਟ ਹੈਨਰੀ ਨੇ 4, ਨਾਥਨ ਸਮਿਥ 3, ਟਿਮ ਸਾਊਥੀ 2 ਤੇ ਵਿਲੀਅਮ ਓ ਰਾਓਰਕੇ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ ਸੀ। ਇੰਗਲੈਂਡ ਨੇ ਇਸ ਜਿੱਤ ਦੇ ਨਾਲ ਹੀ 3 ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਹਾਸਲ ਕਰ ਲਈ।