ਇੰਗਲੈਂਡ-ਆਸਟਰੇਲੀਆ ਦੇ ਖਿਡਾਰੀ IPL ਦੇ ਸਾਰੇ ਮੈਚ ਖੇਡ ਸਕਦੈ : RCB
Thursday, Aug 20, 2020 - 07:48 PM (IST)
ਨਵੀਂ ਦਿੱਲੀ– ਰਾਇਲ ਚੈਲੰਜ਼ਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਚੇਅਰਮੈਨ ਸੰਜੀਵ ਚੂੜੀਵਾਲਾ ਦਾ ਕਹਿਣਾ ਹੈ ਕਿ ਇੰਗਲੈਂਡ ਤੇ ਆਸਟਰੇਲੀਆ ਦੇ ਖਿਡਾਰੀ ਆਈ. ਪੀ. ਐੱਲ. ਦੇ ਸ਼ੁਰੂਆਤੀ ਮੈਚਾਂ ਸਮੇਤ ਟੂਰਨਾਮੈਂਟ ਦੇ ਸਾਰੇ ਮੈਚ ਖੇਡਣਗੇ। ਸੰਜੀਵ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਰਾਹੀਂ ਕਿਹਾ ਕਿ ਇੰਗਲੈਂਡ ਤੇ ਆਸਟਰੇਲੀਆ ਦੇ ਖਿਡਾਰੀ 17 ਸਤੰਬਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚ ਜਾਣਗੇ, ਜਿੱਥੇ 19 ਸਤੰਬਰ ਤੋਂ ਆਈ. ਪੀ. ਐੱਲ. ਦਾ ਆਯੋਜਨ ਹੋਣਾ ਹੈ। ਇੰਗਲੈਂਡ ਤੇ ਆਸਟਰੇਲੀਆ ਦੇ ਖਿਡਾਰੀਆਂ ਨੂੰ 2 ਤੋਂ 16 ਸਤੰਬਰ ਤਕ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਹੈ।
ਆਰ. ਸੀ. ਬੀ. ਚੇਅਰਮੈਨ ਅਨੁਸਾਰ ਆਰ. ਸੀ. ਬੀ. ਦੀ ਟੀਮ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਦੁਬਈ ਪਹੁੰਚ ਜਾਵੇਗੀ। ਖਿਡਾਰੀਆਂ ਨੂੰ ਨਹੀਂ ਪਵੇਗੀ ਇਕਾਂਤਵਾਸ ਦੀ ਲੋੜ : ਸੰਜੀਵ ਨੇ ਕਿਹਾ ਕਿ ਇੰਗਲੈਂਡ ਤੇ ਆਸਟਰੇਲੀਆ ਦੇ ਖਿਡਾਰੀਆਂ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ 6 ਦਿਨ ਇਕਾਂਤਵਾਸ ਵਿਚ ਰਹਿਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਹ ਪਹਿਲਾਂ ਹੀ ਜੈਵ ਸੁਰੱਖਿਅਤ ਮਾਹੌਲ ਵਿਚ ਰਹਿ ਰਹੇ ਹੋਣਗੇ।