ਪਹਿਲੇ ਟੈਸਟ ’ਚ ਹੌਲੀ ਓਵਰ ਰੇਟ ਲਈ ਇੰਗਲੈਂਡ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਲੱਗਾ ਜੁਰਮਾਨਾ

Wednesday, Aug 11, 2021 - 05:09 PM (IST)

ਦੁਬਈ (ਵਾਰਤਾ) : ਇੰਗਲੈਂਡ ਅਤੇ ਭਾਰਤੀ ਕ੍ਰਿਕਟ ਟੀਮ ’ਤੇ ਬੁੱਧਵਾਰ ਨੂੰ ਨਾਟਿੰਘਮ ਵਿਚ ਪਹਿਲੇ ਟੈਸਟ ਮੈਚ ਵਿਚ ਹੌਲੀ ਓਵਰ ਰੇਟ ਲਈ 40 ਫ਼ੀਸਦੀ ਮੈਚ ਫ਼ੀਸ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਦੋਵਾਂ ਟੀਮਾਂ ਦੇ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ 2-2 ਅੰਕ ਕੱਟੇ ਗਏ ਹਨ। ਨਿਰਧਾਰਤ ਸਮੇਂ ਨੂੰ ਧਿਆਨ ਵਿਚ ਰੱਖਣ ਦੇ ਬਾਅਦ ਇਹ ਦੇਖਿਆ ਕਿ ਦੋਵਾਂ ਟੀਮਾਂ ਨੇ ਟੀਚੇ ਤੋਂ 2 ਓਵਰ ਘੱਟ ਗੇਂਦਬਾਜ਼ੀ ਕੀਤੀ, ਜਿਸ ਦੇ ਮੱਦੇਨਜ਼ਰ ਮੈਚ ਰੈਫਰੀ ਦੇ ਆਈ.ਸੀ.ਸੀ. ਏਲੀਟ ਪੈਨਲ ਦੇ ਕ੍ਰਿਸ ਬਰਾਡ ਨੇ ਇਹ ਜੁਰਮਾਨਾ ਲਗਾਇਆ।

ਆਈ.ਸੀ.ਸੀ. ਨੇ ਇਕ ਬਿਆਨ ਵਿਚ ਕਿਹਾ, ‘ਖਿਡਾਰੀਆਂ ਅਤੇ ਉਨ੍ਹਾਂ ਦੇ ਵਿਅਕਤੀਗਤ ਸਪੋਰਟਸ ਸਟਾਫ ਲਈ ਆਈ.ਸੀ.ਸੀ. ਦੇ ਨਿਯਮਾਂ ਦੀ ਧਾਰਾ 2.22, ਜੋ ਹੌਲੀ ਓਵਰ ਰੇਟ ਨਾਲ ਸਬੰਧਤ ਹੈ, ਦੇ ਮੁਤਾਬਕ ਖਿਡਾਰੀਆਂ ’ਤੇ ਉਨ੍ਹਾਂ ਦੀ 20 ਫ਼ੀਸਦੀ ਮੈਚ ਫ਼ੀਸ ਦਾ ਜੁਰਮਾਨਾ ਲਗਾਇਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੀ ਟੀਮ ਨਿਰਧਾਰਤ ਸਮੇਂ ਵਿਚ ਪੂਰੇ ਓਵਰ ਪਾਉਣ ਵਿਚ ਅਸਫ਼ਲ ਰਹੀ ਹੈ। ਇਸ ਦੇ ਇਲਾਵਾ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਖੇਡਣ ਦੀ ਸਥਿਤੀ ਦੀ ਧਾਰਾ 16.11.2 ਮੁਤਾਬਕ ਇਕ ਟੀਮ ਦਾ ਹਰੇਕ ਛੋਟੇ ਓਵਰ ਲਈ ਇਕ ਅੰਕ ਕੱਟਿਆ ਜਾਂਦਾ ਹੈ।’

ਇਸ ਮਾਮਲੇ ਵਿਚ ਕਿਉਂਕਿ ਇੰਗਲੈਂਡ ਦੇ ਕਪਤਾਨ ਜੋਅ ਰੂਟ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਲੰਘਣ ਦੀ ਗੱਲ ਅਤੇ ਜੁਰਮਾਨੇ ਨੂੰ ਸਵੀਕਾਰ ਕੀਤਾ ਹੈ, ਇਸ ਲਈ ਮਾਮਲੇ ਵਿਚ ਕੋਈ ਰਸਮੀ ਸੁਣਵਾਈ ਨਹੀਂ ਹੋਈ ਹੈ। ਦੋਵਾਂ ਟੀਮਾਂ ਦੇ ਹੁਣ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਅੰਕ ਸੂਚੀ ਵਿਚ 2-2 ਅੰਕ ਹਨ। ਜ਼ਿਕਰਯੋਗ ਹੈ ਕਿ ਦੋਵਾਂ ਟੀਮਾਂ ਵਿਚਾਲੇ ਟਰੇਂਟ ਬ੍ਰਿਜ ਵਿਚ ਖੇਡੀ ਗਈ 5 ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਟੈਸਟ ਐਤਵਾਰ ਨੂੰ ਖ਼ਰਾਬ ਮੌਸਮ ਕਾਰਨ ਡ੍ਰਾਅ ਹੋ ਗਿਆ ਸੀ।


cherry

Content Editor

Related News