ਦੂਤੀ ਨੂੰ ਸੋਨਾ ਪਰ ਨਹੀਂ ਮਿਲੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ
Friday, Aug 30, 2019 - 08:16 PM (IST)

ਲਖਨਊ- ਕੇਰਲ ਨੇ ਇੱਥੇ ਆਯੋਜਿਤ 59ਵÄ ਰਾਸ਼ਟਰੀ ਅੰਤਰਰਾਜੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਆਪਣੀ ਸ੍ਰੇਸ਼ਠਾ ਸਾਬਤ ਕਰਦਿਆਂ ਓਵਰਆਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ, ਜਦਕਿ ਹਰਿਆਣਾ ਦੀ ਅੰਜਲੀ ਦੇਈ ਨੂੰ ਸਰਵਸ੍ਰੇਸ਼ਠ ਮਹਿਲਾ ਐਥਲੀਟ ਦਾ ਖਿਤਾਬ ਮਿਲਿਆ। ਪ੍ਰਤੀਯੋਗਿਤਾ ਦੇ ਆਖਰੀ ਦਿਨ ਸਟਾਰ ਐਥਲੀਟ ਦੂਤੀ ਚੰਦ ਨੇ 100 ਮੀਟਰ ਦੀ ਦੌੜ ਜਿੱਤ ਲਈ ਪਰ ਉਹ ਵਿਸ਼ਵ ਚੈਂਪੀਅਨਸ਼ਿਪ ਦਾ ਕੁਆਲੀਫਿਕੇਸ਼ਨ ਮਾਰਕ ਨਹੀਂ ਹਾਸਲ ਕਰ ਸਕੀ।
ਓਡਿਸ਼ਾ ਦੀ ਦੂਤੀ ਚੰਦ ਨੇ 100 ਮੀਟਰ ਦੀ ਰੇਸ ਪੂਰੀ ਕਰਨ ਵਿਚ 11.38 ਸੈਕੰਡ ਦਾ ਸਮਾਂ ਲਿਆ ਪਰ ਉਹ 11.26 ਸੈਕੰਡ ਦੇ ਆਪਣੇ ਹੀ ਰਾਸ਼ਟਰੀ ਰਿਕਾਰਡ ਨੂੰ ਨਹੀਂ ਤੋੜ ਸਕੀ। ਉਹ ਵਿਸ਼ਵ ਚੈਂਪੀਅਨਸ਼ਿਪ ਲਈ 11.24 ਸੈਕੰਡ ਦੇ ਕੁਆਲੀਫਿਕੇਸ਼ਨ ਮਾਰਕ ਤੋਂ ਵੀ ਦੂਰ ਰਹੀ। ਕੇਰਲ ਨੇ ਮਹਿਲਾ ਚੈਂਪੀਅਨਸ਼ਿਪ 80 ਅੰਕਾਂ ਨਾਲ ਤੇ ਪੁਰਸ਼ ਚੈਂਪੀਅਨਸ਼ਿਪ 64 ਅੰਕਾਂ ਨਾਲ ਜਿੱਤੀ। ਕੇਰਲ ਨੇ ਇਸ ਤਰ੍ਹਾਂ ਕੁਲ 144 ਅੰਕਾਂ ਨਾਲ ਓਵਰਆਲ ਚੈਂਪੀਅਨਸ਼ਿਪ ਜਿੱਤ ਲਈ। ਹਰਿਆਣਾ ਦੀ ਅੰਜਲੀ ਨੇ 400 ਮੀਟਰ ਦੌੜ 51.53 ਸੈਕੰਡ ਨਾਲ ਜਿੱਤੀ, ਜਿਸ ਦੇ ਲਈ ਉਸ ਨੂੰ 1145 ਅੰਕ ਮਿਲੇ। ਪ੍ਰਤੀਯੋਗਿਤਾ ਦੇ ਆਖਰੀ ਦਿਨ ਪੁਰਸ਼ ਹੈਮਰ ਥ੍ਰੋਅ ਵਿਚ ਪੰਜਾਬ ਦੇ ਬਜਿੰਦਰ ਸਿੰਘ ਨੇ 63.36 ਮੀਟਰ ਦੀ ਦੂਰੀ ਨਾਪ ਕੇ ਸੋਨ ਤਮਗਾ ਜਿੱਤਿਆ, ਹਾਲਾਂਕਿ ਉਹ 70.73 ਦੇ ਰਾਸ਼ਟਰੀ ਰਿਕਾਰਡ ਤੋਂ ਕਾਫੀ ਪਿੱਛੇ ਰਿਹਾ।