ਲਗਾਤਾਰ ਹਾਰ ਕਾਰਨ ਹਾਰਦਿਕ ਪੰਡਯਾ ਤੋਂ ਖੋਹੀ ਜਾ ਸਕਦੀ ਹੈ ਕਪਤਾਨੀ, ਰੋਹਿਤ ਮੁੜ ਸੰਭਾਲ ਸਕਦੇ ਨੇ ਕਮਾਨ
Wednesday, Apr 03, 2024 - 01:50 PM (IST)
ਸਪੋਰਟਸ ਡੈਸਕ : IPL 'ਚ ਆਪਣੀ ਹੌਲੀ ਸ਼ੁਰੂਆਤ ਲਈ ਮਸ਼ਹੂਰ ਹੋ ਚੁੱਕੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਇਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਵਾਰ ਕੁਝ ਵੱਖਰਾ ਹੈ। ਨਵੇਂ ਕਪਤਾਨ ਹਾਰਦਿਕ ਪੰਡਯਾ ਦੀ ਰਣਨੀਤੀ ਅਜੇ ਤਕ ਕਾਰਗਰ ਨਹੀਂ ਰਹੀ ਹੈ। ਭਾਵੇਂ ਉਹ ਟੀਮ ਨੂੰ ਜਿੱਤ ਦਿਵਾਉਣ 'ਚ ਮਦਦ ਕਰੇ ਜਾਂ ਮੈਦਾਨ 'ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰੇ। 2015 ਦੇ ਸੀਜ਼ਨ 'ਚ ਮੁੰਬਈ ਇੰਡੀਅਨਜ਼ ਨੂੰ ਪਹਿਲੇ ਚਾਰ ਮੈਚਾਂ 'ਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ ਟੀਮ ਲਗਾਤਾਰ ਛੇ ਮੈਚ ਜਿੱਤ ਕੇ ਪਲੇਆਫ 'ਚ ਪਹੁੰਚੀ ਤੇ ਇਸ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਖਿਤਾਬ 'ਤੇ ਕਬਜ਼ਾ ਕੀਤਾ ਸੀ। ਪਰ ਉਸ ਸਮੇਂ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ 'ਚ ਸੀ। ਇਸ ਵਾਰ ਕਪਤਾਨੀ ਹਾਰਦਿਕ ਪੰਡਯਾ ਦੇ ਹੱਥਾਂ 'ਚ ਹੈ ਤੇ ਟੀਮ ਨੂੰ ਦਰਸ਼ਕਾਂ ਦਾ ਵੀ ਸਮਰਥਨ ਨਹੀਂ ਮਿਲ ਰਿਹਾ। ਅਜਿਹੇ 'ਚ ਮੁੰਬਈ ਦੀ ਟੀਮ ਲਈ ਟਾਸਕ ਕਾਫੀ ਮੁਸ਼ਕਿਲ ਲੱਗ ਰਿਹਾ ਹੈ।
ਮੁੰਬਈ ਇੰਡੀਅਨਜ਼ ਨੂੰ 2024 'ਚ ਹੁਣ ਤਕ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਨੇ ਹੁਣ ਆਪਣਾ ਅਗਲਾ ਮੈਚ 7 ਅਪ੍ਰੈਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਖੇਡਣਾ ਹੈ। ਅਜਿਹੇ 'ਚ ਟੀਮ ਕੋਲ ਹਾਲਾਤ ਸੁਧਾਰਨ ਦਾ ਮੌਕਾ ਹੈ। ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਮਨੋਜ ਤਿਵਾਰੀ ਦਾ ਮੰਨਣਾ ਹੈ ਕਿ ਇਸ ਦੌਰਾਨ ਮੁੰਬਈ ਫਰੈਂਚਾਇਜ਼ੀ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ ਤੇ ਰੋਹਿਤ ਨੂੰ ਫਿਰ ਤੋਂ ਟੀਮ ਦੀ ਕਮਾਨ ਸੌਂਪਣੀ ਚਾਹੀਦੀ ਹੈ। ਉਸ ਦਾ ਮੰਨਣਾ ਹੈ ਕਿ ਹਾਰਦਿਕ 'ਤੇ ਕਪਤਾਨੀ ਦਾ ਦਬਾਅ ਸਾਫ ਨਜ਼ਰ ਆ ਰਿਹਾ ਹੈ ਤੇ ਇਹ ਗੱਲ ਇਸ ਤੱਥ ਤੋਂ ਸਾਬਤ ਹੁੰਦੀ ਹੈ ਕਿ ਉਸ ਨੇ ਰਾਜਸਥਾਨ ਰਾਇਲਜ਼ ਖਿਲਾਫ ਮੈਚ 'ਚ ਬਿਲਕੁਲ ਵੀ ਗੇਂਦਬਾਜ਼ੀ ਨਹੀਂ ਕੀਤੀ।
ਪਿਛਲੇ ਸਾਲ ਦਸੰਬਰ 'ਚ ਸੱਟ ਤੋਂ ਉਭਰਨ ਤੋਂ ਬਾਅਦ ਫਰੈਂਚਾਇਜ਼ੀ ਨੇ ਰੋਹਿਤ ਦੀ ਜਗ੍ਹਾ ਹਾਰਦਿਕ ਨੂੰ ਕਪਤਾਨੀ ਸੌਂਪੀ ਸੀ। ਮਨੋਜ ਨੇ ਇਕ ਇੰਟਰਵਿਊ ਦੌਰਾਨ ਕਿਹਾ, ਪਹਿਲੇ ਦੋ ਮੈਚਾਂ 'ਚ ਗੇਂਦਬਾਜ਼ੀ ਕਰਨ ਤੋਂ ਬਾਅਦ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਨ ਵਾਲੀ ਪਿੱਚ 'ਤੇ ਗੇਂਦਬਾਜ਼ੀ ਨਾ ਕਰਨਾ ਦਰਸਾਉਂਦਾ ਹੈ ਕਿ ਹਾਰਦਿਕ ਦਬਾਅ ਹੇਠ ਹਨ। ਮੈਨੂੰ ਲੱਗਦਾ ਹੈ ਕਿ ਅਗਲੇ ਮੈਚ ਤੋਂ ਪਹਿਲਾਂ ਫ੍ਰੈਂਚਾਇਜ਼ੀ ਹਾਰਦਿਕ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਮੁੜ ਕਪਤਾਨੀ ਸੌਂਪ ਸਕਦੀ ਹੈ। ਇਹ ਇਕ ਵੱਡਾ ਫੈਸਲਾ ਹੋ ਸਕਦਾ ਹੈ।
ਜਿੱਥੋਂ ਤਕ ਮੈਂ ਫਰੈਂਚਾਇਜ਼ੀ ਤੇ ਉਨ੍ਹਾਂ ਦੇ ਮਾਲਕਾਂ ਨੂੰ ਜਾਣਦਾ ਹਾਂ, ਉਹ ਵੱਡੇ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਦੇ। ਉਹ ਪਹਿਲਾਂ ਹੀ ਪੰਜ ਵਾਰ ਟੀਮ ਨੂੰ ਖਿਤਾਬ ਦਿਵਾਉਣ ਵਾਲੇ ਰੋਹਿਤ ਤੋਂ ਕਪਤਾਨੀ ਖੋਹ ਕੇ ਅਜਿਹਾ ਕਰ ਚੁੱਕੇ ਹਨ। ਨਵੀਂ ਕਪਤਾਨੀ ਲਗਾਤਾਰ ਗਲਤੀਆਂ ਕਰ ਰਹੀ ਹੈ ਤੇ ਇਕ ਵੀ ਮੈਚ ਨਹੀਂ ਜਿੱਤ ਸਕੀ। ਇਸ ਤਰ੍ਹਾਂ ਉਹ ਇਕ ਵਾਰ ਕਪਤਾਨੀ ਖੋਹ ਕੇ ਰੋਹਿਤ ਨੂੰ ਦੇ ਸਕਦੇ ਹਨ।
ਅਜਿਹਾ ਹੀ ਕੁਝ ਸਾਲ 2022 'ਚ ਚੇਨਈ ਸੁਪਰ ਕਿੰਗਜ਼ ਨਾਲ ਹੋਇਆ ਸੀ। ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਰਵਿੰਦਰ ਜਡੇਜਾ ਨੂੰ ਕਪਤਾਨੀ ਸੌਂਪੀ। ਲਗਾਤਾਰ ਪੰਜ ਹਾਰਾਂ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੂੰ ਦੁਬਾਰਾ ਚੇਨਈ ਦਾ ਕਪਤਾਨ ਬਣਾਇਆ ਗਿਆ ਸੀ।
ਮਨੋਜ ਤਿਵਾਰੀ ਨੇ ਕਿਹਾ ਕਿ ਹਾਰਦਿਕ ਪੰਡਯਾ ਨੇ ਕਈ ਵਾਰ ਗਲਤ ਫੈਸਲੇ ਲਏ। ਮੁੰਬਈ ਇੰਡੀਅਨਜ਼ ਗੁਜਰਾਤ ਟਾਈਟਨਜ਼ ਖਿਲਾਫ ਟੀਚਾ ਹਾਸਲ ਨਹੀਂ ਕਰ ਸਕੀ। ਹਾਲਾਂਕਿ ਸਨਰਾਈਜ਼ਰਜ਼ ਨੇ ਹੈਦਰਾਬਾਦ ਖਿਲਾਫ ਸੰਘਰਸ਼ ਕੀਤਾ, ਪਰ ਉਨ੍ਹਾਂ ਦੇ ਕਈ ਫੈਸਲੇ ਗਲਤ ਨਿਕਲੇ। ਹਾਰਦਿਕ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਤੇ ਆਪਣੇ ਚੋਟੀ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਅੰਤ ਤਕ ਰੋਕੀ ਰੱਖਿਆ। ਉਸ ਨੇ ਟੀਮ ਦੇ ਮੱਧਕ੍ਰਮ ਦੀ ਬੱਲੇਬਾਜ਼ੀ ਨੂੰ ਵੀ ਬਦਲਿਆ। ਤਿਵਾੜੀ ਦਾ ਮੰਨਣਾ ਹੈ ਕਿ ਜੇਕਰ ਕ੍ਰਿਕਟ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕਪਤਾਨੀ ਬਦਲੀ ਜਾਣੀ ਚਾਹੀਦੀ ਹੈ। ਨਾਲ ਹੀ ਟੀਮ 'ਚ ਮਾਹੌਲ ਫਿਲਹਾਲ ਚੰਗਾ ਨਹੀਂ ਲੱਗ ਰਿਹਾ ਹੈ।