ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਚੜ੍ਹਿਆ ਗੁੱਸਾ, ਕਿਹਾ- ‘ਗੰਦੇ ਏਜੰਡੇ’ ਲਈ ਨਾ ਵਰਤੋਂ ਮੇਰਾ ਨਾਂ

Thursday, Aug 26, 2021 - 05:28 PM (IST)

ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਚੜ੍ਹਿਆ ਗੁੱਸਾ, ਕਿਹਾ- ‘ਗੰਦੇ ਏਜੰਡੇ’ ਲਈ ਨਾ ਵਰਤੋਂ ਮੇਰਾ ਨਾਂ

ਨਵੀਂ ਦਿੱਲੀ (ਭਾਸ਼ਾ) : ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਵੀਰਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਦੌਰਾਨ ਪਾਕਿਸਤਾਨ ਦੇ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਵੱਲੋਂ ਉਨ੍ਹਾਂ ਦੇ ਜੈਵਲਿਨ ਦੀ ਵਰਤੋਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਪੈਦਾ ਹੋਏ ਵਿਵਾਦ ਤੋਂ ਉਹ ਬਹੁਤ ਦੁਖੀ ਹਨ ਅਤੇ ਇਸ ਨੂੰ ‘ਗੰਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਜ਼ਰੀਆ ਨਾ ਬਣਾਉਣ’ ਦੀ ਬੇਨਤੀ ਕੀਤੀ ਹੈ। ਭਾਰਤ ਨੂੰ ਐਥਲੈਟਿਕਸ ਵਿਚ ਪਹਿਲਾ ਓਲੰਪਿਕ ਤਮਗਾ ਦਿਵਾਉਣ ਵਾਲੇ ਫ਼ੌਜ ਦੇ 23 ਸਾਲਾ ਜੈਵਲਿਨ ਥ੍ਰੋਅ ਖਿਡਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਦੇ ਨਾਮ ਦਾ ਇਸਤੇਮਾਲ ਕਿਸੇ ਵਿਵਾਦ ਨੂੰ ਖੜ੍ਹਾ ਕਰਨ ਵਿਚ ਨਹੀਂ ਕਰਨਾ ਚਾਹੀਦਾ। 

ਚੋਪੜਾ ਨੇ ਆਪਣੇ ਟਵਿਟਰ ਹੈਂਡਲ ’ਤੇ ਕਿਹਾ, ‘ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀਆਂ ਟਿੱਪਣੀਆਂ ਨੂੰ ਆਪਣੇ ਨਿੱਜੀ ਹਿੱਤਾਂ ਅਤੇ ਗੰਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਜ਼ਰੀਆ ਨਾ ਬਣਾਓ।’ ਉਨ੍ਹਾਂ ਅੱਗੇ ਕਿਹਾ, ‘ਖੇਡਾਂ ਸਾਨੂੰ ਇਕੱਠੇ ਅਤੇ ਏਕਤਾ ਵਿਚ ਰਹਿਣਾ ਸਿਖਾਉਂਦੀਆਂ ਹਨ ਅਤੇ ਕੁੱਝ ਵੀ ਟਿੱਪਣੀ ਕਰਨ ਤੋਂ ਪਹਿਲਾਂ ਖੇਡਾਂ ਦੇ ਨਿਯਮ ਜਾਨਣਾ ਜ਼ਰੂਰੀ ਹੁੰਦਾ ਹੈ। ਮੈਂ ਆਪਣੀਆਂ ਹਾਲੀਆਂ ਟਿੱਪਣੀਆਂ ’ਤੇ ਜਨਤਾ ਦੀਆਂ ਕੁੱਝ ਪ੍ਰਤੀਕਿਰਿਆਵਾਂ ਵੇਖ ਕੇ ਬਹੁਤ ਨਿਰਾਸ਼ਾ ਹਾਂ।’

 

ਉਨ੍ਹਾਂ ਨੇ ਟਵਿਟਰ ’ਤੇ ਸਾਂਝੀ ਕੀਤੀ ਹੋਈ ਵੀਡੀਓ ਵਿਚ ਕਿਹਾ, ‘ਅਰਸ਼ਦ ਨਦੀਮ ਨੇ ਤਿਆਰੀ ਲਈ ਮੇਰਾ ਜੈਵਲਿਨ ਲਿਆ ਸੀ, ਇਸ ਵਿਚ ਕੁੱਝ ਗਲਤ ਨਹੀਂ ਹੈ। ਇਹ ਨਿਯਮਾਂ ਦੇ ਅੰਦਰ ਹੀ ਹੈ ਅਤੇ ਕ੍ਰਿਪਾ ਮੇਰੇ ਨਾਮ ਦਾ ਇਸਤੇਮਾਲ ਇਸ ਗੰਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਨਾ ਕਰੋ।’ ਚੋਪੜਾ ਨੇ ਹਾਲ ਹੀ ਵਿਚ ਇੰਟਰਵਿਊ ਵਿਚ ਕਿਹਾ ਸੀ ਕਿ ਉਹ 7 ਅਗਸਤ ਨੂੰ ਓਲੰਪਿਕ ਫਾਈਨਲ ਤੋਂ ਪਹਿਲਾਂ ਆਪਣੇ ਪਹਿਲੇ ਥ੍ਰੋਅ ਲਈ ਆਪਣਾ ਨਿੱਜੀ ਜੈਵਲਿਨ ਲੱਭ ਰਹੇ ਸਨ ਅਤੇ ਉਨ੍ਹਾਂ ਨੇ ਦੇਖਿਆ ਕਿ ਇਹ ਨਦੀਮ ਕੋਲ ਸੀ। ਨਿਯਮਾਂ ਮੁਤਾਬਕ ਕਿਸੇ ਵੀ ਮੁਕਾਬਲੇਬਾਜ਼ ਵੱਲੋਂ ਅਧਿਕਾਰੀਆਂ ਨੂੰ ਸੌਂਪਿਆ ਗਿਆ ਜੈਵਲਿਨ ਕੋਈ ਵੀ ਇਸਤੇਮਾਲ ਕਰ ਸਕਦਾ ਹੈ। ਇਹ ਨਿਯਮ ਪੋਲ ਵਾਲਟ ਨੂੰ ਛੱਡ ਕੇ ਸਾਰੇ ਫੀਲਡ ਮੁਕਾਬਲਿਆਂ ਵਿਚ ਲਾਗੂ ਹੁੰਦਾ ਹੈ। 

ਉਨ੍ਹਾਂ ਕਿਹਾ, ‘ਇਹ ਇੰਨੀ ਵੱਡੀ ਗੱਲ ਨਹੀਂ ਹੈ। ਮੈਨੂੰ ਬਹੁਤ ਦੁੱਖ ਹੈ ਕਿ ਮੇਰਾ ਸਹਾਰਾ ਲੈ ਕੇ ਇਸ ਗੱਲ ਨੂੰ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹਾ ਨਾ ਕਰੋ। ਖੇਡਾਂ ਸਾਰਿਆਂ ਨੂੰ ਮਿਲ ਕੇ ਚੱਲਣਾ ਸਿਖਾਉਂਦੀਆਂ ਹਨ। ਅਸੀਂ ਸਾਰੇ ਜੈਵਲਿਨ ਥ੍ਰੋਅਰ ਆਪਸ ਵਿਚ ਪਿਆਰ ਨਾਲ ਰਹਿੰਦੇ ਹਾਂ, ਸਾਰੇ ਆਪਸ ਵਿਚ ਚੰਗੀ ਤਰ੍ਹਾਂ ਨਾਲ ਗੱਲ ਕਰਦੇ ਹਨ ਤਾਂ ਕੋਈ ਵੀ ਅਜਿਹੀ ਗੱਲ ਨਾ ਕਹੇ, ਜਿਸ ਨਾਲ ਉਨ੍ਹਾਂ ਨੂੰ ਠੇਸ ਪੁੱਜੇ।’


author

cherry

Content Editor

Related News