ਜੋਕੋਵਿਚ ਵਿੰਬਲਡਨ ਦੇ ਕੁਆਰਟਰ ਫਾਈਨਲ ''ਚ ਪੁੱਜੇ

07/05/2022 11:56:11 AM

ਸਪੋਰਟਸ ਡੈਸਕ- ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਚਾਰ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ ਵਿਚ ਗ਼ੈਰ ਦਰਜਾ ਪ੍ਰਾਪਤ ਨੀਦਰਲੈਂਡ ਦੇ ਟਿਮ ਵੈਨ ਰਿਥੋਵਨ ਨੂੰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਸਰਬੀਆ ਦੇ ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਰਿਥੋਵਨ ਨੂੰ 6-2, 4-6, 6-1, 6-2 ਨਾਲ ਹਰਾ ਕੇ ਬਾਹਰ ਦਾ ਰਾਹ ਦਿਖਾਇਆ। ਜੋਕੋਵਿਚ ਨੇ 13ਵੀਂ ਵਾਰ ਵਿੰਬਲਡਨ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ। 

ਜੋਕੋਵਿਚ ਦੀ ਵਿੰਬਲਡਨ ਦੇ ਗ੍ਰਾਸ ਕੋਰਟ ’ਤੇ ਇਹ ਲਗਾਤਾਰ 25ਵੀਂ ਜਿੱਤ ਹੈ। ਪੁਰਸ਼ ਸਿੰਗਲਜ਼ ਦੇ ਹੋਰ ਮੁਕਾਬਲਿਆਂ ਵਿਚ ਚਿਲੀ ਦੇ ਕ੍ਰਿਸਟੀਅਨ ਗਾਰਿਨ ਨੇ ਆਸਟ੍ਰੇਲੀਆ ਦੇ ਐਲੇਕਸ ਡੀ ਮਿਨੌਰ ਨੂੰ 2-6, 5-7, 7-6, 6-4, 7-6 ਨਾਲ , ਨਿਕ ਕਿਰਗਿਓਸ ਨੇ ਬਰੈਂਡਨ ਨਾਕਾਸ਼ਿਮਾ ਨੂੰ 4-6, 6-4, 7-6 (7), 3-6, 6-2 ਨਾਲ ਜਦਕਿ ਟੇਲਰ ਫਰਿਟਜ ਨੇ ਜੈਸਨ ਕੁਬਲੇਰ ਨੂੰ 6-3, 6-1, 6-4 ਦੇ ਫ਼ਰਕ ਨਾਲ ਹਰਾਇਆ।

ਮਹਿਲਾਵਾਂ ਦੇ ਵਰਗ ਵਿਚ ਟਿਊਨੇਸ਼ੀਆ ਦੀ ਤੀਜਾ ਦਰਜਾ ਹਾਸਲ ਓਂਸ ਜਾਬੇਉਰ ਨੇ ਏਲਿਸੇ ਮਰਟੇਂਸ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਮਹਿਲਾ ਵਰਗ ਵਿਚ ਚੋਟੀ ਦਾ ਦਰਜਾ ਜਾਬੇਉਰ ਨੇ ਮਰਟੇਂਸ ਨੂੰ 7-6 (9), 6-4 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਵਿੰਬਲਰਡਨ ਦੇ ਆਖ਼ਰੀ ਅੱਠ ਵਿਚ ਥਾਂ ਬਣਾਈ। 

ਮੌਜੂਦਾ ਸੈਸ਼ਨ ਵਿਚ ਗ੍ਰਾਸ ਕੋਰਟ ’ਤੇ ਜਾਬੇਉਰ ਦੀ ਇਹ ਲਗਾਤਾਰ ਨੌਵੀਂ ਜਿੱਤ ਹੈ । ਉਨ੍ਹਾਂ ਨੇ ਪਿਛਲੇ ਮਹੀਨੇ ਬਰਲਿਨ ਓਪਨ ਦਾ ਵੀ ਖ਼ਿਤਾਬ ਜਿੱਤਿਆ ਸੀ। ਟਿਊਨੇਸ਼ੀਆ ਦੀ ਇਹ ਖਿਡਾਰਨ ਅਗਲੇ ਗੇੜ ਵਿਚ ਚੈੱਕ ਗਣਰਾਜ ਦੀ ਮੈਰੀ ਬੋਜਕੋਵਾ ਨਾਲ ਭਿੜੇਗੀ। ਮਹਿਲਾਵਾ ਸਿੰਗਲਜ਼ ਦੇ ਹੋਰ ਮੁਕਾਬਲਿਆਂ ’ਚ ਸਿਮੋਨਾ ਹਾਲੇਪ ਨੇ ਸਪੇਨ ਦੀ ਪਾਉਲਾ ਬਾਦੋਸਾ ਨੂੰ 6-1, 6-2 ਨਾਲ, ਅਮਾਂਡਾ ਏਨੀਸੀਮੋਵਾ ਨੇ ਹਾਰਮੋਨੀ ਟਾਨ ਨੂੰ 6-2, 6-3 ਨਾਲ ਤੇ ਏਲੀਨਾ ਰਿਬਾਕੀਨਾ ਨੇ ਪੇਤ੍ਰਾ ਮਾਰਟਿਕ ਨੂੰ 7-5, 6-3 ਨਾਲ ਹਰਾਇਆ।


Tarsem Singh

Content Editor

Related News