ਜੋਕੋਵਿਚ ਆਪਣੇ ਪ੍ਰਦਰਸ਼ਨੀ ਟੂਰਨਾਮੈਂਟ ਦੇ ਫਾਈਨਲ ਵਿਚ

06/22/2020 1:24:43 PM

ਜਦਰ (ਕ੍ਰੋਏਸ਼ੀਆ) (ਯੂ.ਐੱਨ. ਆਈ.)– ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ ਕ੍ਰੋਏਸ਼ੀਆ ਦੇ ਤਟਵਰਤੀ ਸ਼ਹਿਰ ਜਦਰ ਵਿਚ ਐਡ੍ਰਿਯਾ ਟੂਰ ਵਿਚ ਆਪਣੇ ਦੋਵੇਂ ਸਿੰਗਲਜ਼ ਮੈਚ ਜਿੱਤ ਕੇ ਆਪਣੇ ਪ੍ਰਦਰਸ਼ਨੀ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਜੋਕੋਵਿਚ ਨੇ ਗਰੁੱਪ-ਏ ਵਿਚ 3 ਸੈੱਟ ਅੰਕ ਬਚਾਉਣ ਤੋਂ ਬਾਅਦ ਹਮਵਤਨ ਖਿਡਾਰੀ ਪੇਡਜਾ ਕ੍ਰਸਟੀਨ ਨੂੰ 4-3, 4-1 ਨਾਲ ਹਰਾਇਆ ਤੇ ਫਿਰ ਸਥਾਨਕ ਖਿਡਾਰੀ ਬੋਰਨ ਕੋਰਿਚ ਨੂੰ 4-1, 4-3 ਨਾਲ ਹਰਾਇਆ। ਇਨ੍ਹਾਂ ਮੈਚਾਂ ਨੂੰ ਦੇਖਣ ਲਈ ਵਿਸਨਿਕ ਟੈਨਿਸ ਕੰਪਲੈਕਸ ਵਿਚ ਹਜ਼ਾਰਾਂ ਪ੍ਰਸ਼ੰਸਕ ਸਨ।

PunjabKesari

ਵਿਸ਼ਵ ਦੇ ਨੰਬਰ ਇਕ ਖਿਡਾਰੀ ਨੇ ਕੋਰਟ ਤੋਂ ਇੰਟਰਵਿਊ ਵਿਚ ਕਿਹਾ, ‘‘ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਮੈਚਾਂ ਦਾ ਆਨੰਦ ਆਇਆ ਹੋਵੇਗਾ। ਮੈਂ ਫੈਨਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹੜੇ ਅਜਿਹੇ ਮੁਸ਼ਕਿਲ ਸਮੇਂ ਵਿਚ ਵੀ ਮੈਚ ਦੇਖਣ ਪਹੁੰਚੇ ਤੇ ਦੇਰ ਤਕ ਰੁਕੇ ਰਹੇ। ਪਿਛਲੇ ਕੁਝ ਮਹੀਨੇ ਸਾਡੇ ਸਾਰਿਆਂ ਲਈ ਮੁਸ਼ਕਿਲ ਰਹੇ ਹਨ ਪਰ ਸਾਨੂੰ ਵਾਪਸੀ ਕਰਨ ਦੀ ਪੂਰੀ ਉਮੀਦ ਹੈ।’’ ਜਦਰ ਵਿਚ ਦੋ ਦਿਨ ਦਾ ਇਹ ਈਵੈਂਟ ਜੋਕੋਵਿਚ ਦੇ ਐਡ੍ਰਿਯਾ ਟੂਰ ਦਾ ਦੂਜਾ ਗੇੜ ਹੈ। ਆਸਟਰੇਲੀਆ ਦੇ ਡੋਮਿਨਿਕ ਥਿਏਮ ਨੇ ਪਿਛਲੇ ਹਫਤੇ ਬੇਲਗ੍ਰਾਦ ਵਿਚ ਪਹਿਲਾ ਗੇੜ ਜਿੱਤਿਆ ਸੀ। ਮੋਂਟੇਨੇਗ੍ਰੋ ਵਿਚ 27-28 ਜੂਨ ਨੂੰ ਹੋਣ ਵਾਲਾ ਤੀਜਾ ਗੇੜ ਕੋਰੋਨਾ ਦੇ ਕਾਰਣ ਰੱਦ ਕਰ ਦਿੱਤਾ ਗਿਆ ਹੈ। ਟੂਰ ਦਾ ਚੌਥਾ ਤੇ ਆਖਰੀ ਗੇੜ ਬੋਸਨੀਆ ਦੇ ਸ਼ਹਿਰ ਬਾਂਜਾ ਲੂਕਾ ਵਿਚ 3-4 ਜੁਲਾਈ ਨੂੰ ਹੋਵੇਗਾ।
 


Ranjit

Content Editor

Related News