ਜੋਕੋਵਿਚ ਨੂੰ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਲਈ ਜਾਰੀ ਕੀਤਾ ਗਿਆ ਵੀਜ਼ਾ
Thursday, Nov 17, 2022 - 12:22 PM (IST)
ਕੈਨਬਰਾ (ਭਾਸ਼ਾ)- ਆਸਟਰੇਲੀਆਈ ਸਰਕਾਰ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਨੋਵਾਕ ਜੋਕੋਵਿਚ ਨੂੰ ਅਗਲੇ ਸਾਲ ਜਨਵਰੀ ਵਿੱਚ ਹੋਣ ਵਾਲੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਵੀਜ਼ਾ ਜਾਰੀ ਕੀਤਾ ਗਿਆ ਹੈ। ਕੋਵਿਡ-19 ਟੀਕਾਕਰਨ ਨਾ ਹੋਣ ਕਾਰਨ ਜੋਕੋਵਿਚ ਨੂੰ ਪਿਛਲੇ ਸਾਲ ਆਸਟ੍ਰੇਲੀਅਨ ਓਪਨ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਆਸਟਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। 21 ਵਾਰ ਦੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਜੋਕੋਵਿਚ ਦਾ ਵੀਜ਼ਾ ਪਿਛਲੇ ਸਾਲ 14 ਜਨਵਰੀ ਨੂੰ ਜਨਤਕ ਹਿੱਤਾਂ ਦੇ ਆਧਾਰ 'ਤੇ ਰੱਦ ਕਰ ਦਿੱਤਾ ਗਿਆ ਸੀ ਅਤੇ ਉਹ ਪੂਰੀ ਸੰਘੀ ਅਦਾਲਤ ਵਿੱਚ ਦੇਸ਼ ਨਿਕਾਲੇ ਵਿਰੁੱਧ ਅਪੀਲ ਹਾਰ ਗਏ ਸੀ।
ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਈਲਸ ਨੇ ਕਿਹਾ ਕਿ ਉਨ੍ਹਾਂ ਨੇ ਵੀਜ਼ਾ ਨਾ ਦੇਣ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਜੋਕੋਵਿਚ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਿਉਂਕਿ ਜਿਸ ਆਧਾਰ 'ਤੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ, ਉਹ ਹੁਣ ਮੌਜੂਦ ਨਹੀਂ ਹਨ। ਵੀਜ਼ਾ ਪਾਬੰਦੀ 3 ਸਾਲ ਤੱਕ ਚੱਲ ਸਕਦੀ ਹੈ। ਗਾਈਲਸ ਨੇ ਬਿਆਨ 'ਚ ਕਿਹਾ, ''ਜੋਕੋਵਿਚ ਨੂੰ ਆਸਟ੍ਰੇਲੀਆ 'ਚ ਦਾਖ਼ਲ ਹੋਣ ਲਈ ਅਸਥਾਈ ਵੀਜ਼ਾ ਦਿੱਤਾ ਗਿਆ ਹੈ।'' 35 ਸਾਲਾ ਸਰਬੀਆਈ ਖਿਡਾਰੀ ਨੂੰ ਮੈਲਬੌਰਨ 'ਚ 16 ਤੋਂ 29 ਜਨਵਰੀ 2023 ਤੱਕ ਚੱਲਣ ਵਾਲੇ ਆਸਟ੍ਰੇਲੀਅਨ ਓਪਨ 'ਚ ਹਿੱਸਾ ਲੈਣ ਦੀ ਇਜਾਜ਼ਤ ਹੈ। ਜੋਕੋਵਿਚ ਇਸ ਸਮੇਂ ਇਟਲੀ ਦੇ ਟਿਊਰਿਨ ਵਿੱਚ ਏਟੀਪੀ ਫਾਈਨਲਜ਼ ਵਿੱਚ ਖੇਡ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਆਸਟਰੇਲੀਆਈ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਸੀ।
ਜੋਕੋਵਿਚ ਨੇ ਆਂਦਰੇ ਰੁਬਲੇਵ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਤੋਂ ਬਾਅਦ ਕਿਹਾ, ''ਮੈਂ ਕੱਲ੍ਹ ਇਹ ਖ਼ਬਰ ਸੁਣ ਕੇ ਬਹੁਤ ਖੁਸ਼ ਸੀ। ਇਹ ਰਾਹਤ ਵਾਲੀ ਗੱਲ ਸੀ।'' ਉਨ੍ਹਾਂ ਕਿਹਾ, 'ਆਸਟ੍ਰੇਲੀਅਨ ਓਪਨ ਮੇਰਾ ਸਭ ਤੋਂ ਸਫ਼ਲ ਗ੍ਰੈਂਡ ਸਲੈਮ ਰਿਹਾ ਹੈ। ਮੈਂ ਉੱਥੇ ਕੁਝ ਬੇਹਤਰੀਨ ਯਾਦਾਂ ਬਣਾਈਆਂ ਹਨ। ਬੇਸ਼ੱਕ, ਮੈਂ ਉੱਥੇ ਵਾਪਸ ਜਾਣਾ ਚਾਹੁੰਦਾ ਹਾਂ, ਮੈਂ ਟੈਨਿਸ ਖੇਡਣਾ ਚਾਹੁੰਦਾ ਹਾਂ, ਉਹ ਕਰਨਾ ਚਾਹੁੰਦਾ ਹਾਂ ਜੋ ਮੈਂ ਸਭ ਤੋਂ ਵਧੀਆ ਕਰਦਾ ਹਾਂ, ਉਮੀਦ ਹੈ ਕਿ ਆਸਟਰੇਲੀਆਈ ਗਰਮੀਆਂ ਸ਼ਾਨਦਾਰ ਹੋਣਗੀਆਂ।' ਜੋਕੋਵਿਚ ਨੇ ਰਿਕਾਰਡ ਨੌਂ ਵਾਰ ਆਸਟਰੇਲੀਅਨ ਓਪਨ ਜਿੱਤਿਆ ਹੈ।
