ਜੀਵਨ, ਦਿਵਿਜ ਨਿਊਪੋਰਟ ਏ.ਟੀ.ਪੀ. ਪ੍ਰਤੀਯੋਗਿਤਾ ਤੋਂ ਬਾਹਰ ਹੋਏ
Saturday, Jul 21, 2018 - 04:23 PM (IST)
ਨਵੀਂ ਦਿੱਲੀ— ਦਿਵਿਜ ਸ਼ਰਨ ਅਤੇ ਜੀਵਨ ਨੇਦੁੰਚੇਝੀਆਨ ਆਪੋ-ਆਪਣੇ ਜੋੜੀਦਾਰਾਂ ਦੇ ਨਾਲ ਏ.ਟੀ.ਪੀ. ਹਾਲ ਆਫ ਫੇਮ ਓਪਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਹਾਰ ਗਏ ਜਿਸ ਨਾਲ ਨਿਊਪੋਰਟ 'ਚ ਖੇਡੇ ਜਾ ਰਹੇ ਟੂਰਨਾਮੈਂਟ ਦੇ ਡਬਲਜ਼ ਵਰਗ 'ਚ ਭਾਰਤੀ ਚੁਣੌਤੀ ਖਤਮ ਹੋ ਗਈ। ਦੂਜਾ ਦਰਜਾ ਪ੍ਰਾਪਤ ਦਿਵਿਜ ਅਤੇ ਜੈਕਸਨ ਵਿਥ੍ਰੋ ਨੂੰ ਜੋਨਾਥਨ ਐਰਲਿਚ ਅਤੇ ਅਰਟੇਮ ਸਿਤਾਕ ਦੀ ਜੋੜੀ ਨੇ ਸੌਖਿਆਂ ਹੀ 6-3, 6-4 ਨਾਲ ਹਰਾਇਆ। ਜੀਵਨ ਅਤੇ ਆਸਟਿਨ ਕ੍ਰਾਈਜਿਸੇਕ ਦੀ ਜੋੜੀ ਮਾਰਸੇਲੋ ਐਰੇਵਾਲੋ ਅਤੇ ਮਿਗੁਏਲ ਏਂਜੇਲ ਰੇਏਸ ਵਾਰੇਲਾ ਤੋਂ ਕਰੀਬੀ ਮੁਕਾਬਲੇ 'ਚ ਹਾਰ ਗਈ।
ਸਿੰਗਲ 'ਚ ਹਾਲਾਂਕਿ ਭਾਰਤੀ ਚੁਣੌਤੀ ਅਜੇ ਬਾਕੀ ਹੈ। ਰਾਮਕੁਮਾਰ ਰਾਮਨਾਥਨ ਸੈਮੀਫਾਈਨਲ 'ਚ ਅਮਰੀਕਾ ਦੇ ਟਿਮ ਸਮਾਈਸਜੇਕ ਦੇ ਖਿਲਾਫ ਖੇਡਣਗੇ। ਜੇਕਰ ਉਹ ਸੈਮੀਫਾਈਨਲ 'ਚ ਜਿੱਤ ਦਰਜ ਕਰਨ 'ਚ ਸਫਲ ਰਹੇ ਤਾਂ ਸੋਮਦੇਵ ਦੇਵਵਰਮਨ ਦੇ ਬਾਅਦ ਏ.ਟੀ.ਪੀ. ਟੂਰ ਪ੍ਰਤੀਯੋਗਿਤਾ ਦੇ ਸਿੰਗਲ ਫਾਈਨਲ 'ਚ ਪਹੁੰਚਣ ਵਾਲੇ ਦੂਜੇ ਭਾਰਤੀ ਹੋਣਗੇ। ਦੇਵਵਰਮਨ 2011 'ਚ ਜੋਹਾਨਸਬਰਗ ਦੇ ਕੇਵਿਨ ਐਂਡਰਸਨ ਤੋਂ ਹਾਰ ਕੇ ਉਪ ਜੇਤੂ ਰਹੇ ਸਨ। ਉਹ 2009 'ਚ ਚੇਨਈ ਓਪਨ ਦੇ ਫਾਈਨਲ 'ਚ ਵੀ ਮਾਰਿਨ ਸਿਲਿਚ ਤੋਂ ਹਾਰ ਗਏ ਸਨ।
