ਧੋਨੀ ਦੇ ਲੰਬੇ ਵਾਲਾਂ ''ਤੇ ਚਰਚਾ ਕਰਦੇ ਹੁੰਦੇ ਸੀ : ਗੰਭੀਰ
Sunday, Jul 12, 2020 - 09:57 PM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਦੋਵਾਂ ਨੇ ਇਕ ਸੀਰੀਜ਼ ਦੌਰਾਨ ਰੂਮ ਸਾਂਝਾ ਕੀਤਾ ਸੀ। ਗੰਭੀਰ ਨੇ ਕਿਹਾ,''ਅਸੀਂ ਉਨ੍ਹਾਂ ਦਿਨਾਂ ਵਿਚ ਇਕ ਮਹੀਨੇ ਤੋਂ ਵੱਧ ਸਮੇਂ ਲਈ ਇਕ ਕਮਰੇ ਦੇ ਸਾਥੀ ਸੀ ਤੇ ਉਸ ਸਮੇਂ ਅਸੀਂ ਵਾਲਾਂ ਦੇ ਉੱਪਰ ਚਰਚਾ ਕਰਦੇ ਹੁੰਦੇ ਸੀ। ਉਸ ਸਮੇਂ ਧੋਨੀ ਦੇ ਵਾਲ ਲੰਬੇ ਸਨ ਤੇ ਅਸੀਂ ਇਸ 'ਤੇ ਚਰਚਾ ਕਰਦੇ ਸੀ ਕਿ ਕਿਵੇਂ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਵੇ।'' ਧੋਨੀ ਆਪਣੇ ਸ਼ੁਰੂਆਤੀ ਦਿਨਾਂ ਵਿਚ ਨਾ ਸਿਰਫ ਅਨੋਖੀ ਬੱਲੇਬਾਜ਼ੀ ਸ਼ੈਲੀ ਲਈ ਸਗੋਂ ਆਪਣੇ ਲੰਬੇ ਵਾਲਾਂ ਦੀ ਵਜ੍ਹਾ ਨਾਲ ਵੀ ਪ੍ਰਸਿੱਧ ਸੀ।
ਗੰਭੀਰ ਨੇ ਕਿਹਾ,''ਮੈਨੂੰ ਯਾਦ ਹੈ ਕਿ ਕਮਰਾ ਛੋਟਾ ਹੋਣ ਕਾਰਣ ਅਸੀਂ ਫਰਸ਼ 'ਤੇ ਹੀ ਸੌਂਦੇ ਸੀ। ਅਸੀਂ ਬੈੱਡ ਨੂੰ ਕਮਰੇ ਵਿਚ ਬਾਹਰ ਕਰ ਦਿੱਤਾ ਸੀ ਤੇ ਜ਼ਮੀਨ 'ਤੇ ਗੱਦੇ ਵਿਛਾ ਕੇ ਸੌਣਾ ਇਕ ਸੁਖਦਾਇਕ ਤਜਰਬਾ ਸੀ।''ਭਾਰਤ ਦੇ ਸਲਾਮੀ ਬੱਲੇਬਾਜ਼ ਗੰਭੀਰ ਨੇ ਕਿਹਾ,''ਅਸੀਂ ਦੋਵੇਂ ਕਾਫੀ ਨੌਜਵਾਨ ਸੀ। ਧੋਨੀ ਨੇ ਤਦ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਹੀ ਸੀ। ਅਸੀਂ ਦੋਵੇਂ ਇਕੱਠੇ ਕੀਨੀਆ ਗਏ, ਉਸ ਤੋਂ ਬਾਅਦ ਭਾਰਤ-ਏ ਦੇ ਜ਼ਿੰਬਾਬਵੇ ਦੌਰੇ 'ਤੇ ਗਏ ਤੇ ਨਾਲ ਹੀ ਲੰਬਾ ਸਮਾਂ ਬਿਤਾਇਆ ਪਰ ਜਦੋਂ ਤੁਸੀਂ ਕਿਸੇ ਦੇ ਨਾਲ ਇਕ-ਡੇਢ ਮਹੀਨੇ ਤਕ ਰੂਮ ਸਾਂਝਾ ਕਰਦੇ ਹੋ ਤਾਂ ਉਸਦੇ ਬਾਰੇ ਵਿਚ ਕਾਫੀ ਕੁਝ ਜਾਣਨ ਨੂੰ ਮਿਲਦਾ ਹੈ।''