ਡਿਸਕਸ ਥ੍ਰੋਅਰ ਮਹਿਲਾ ਐਥਲੀਟ ਨਵਜੀਤ ਕੌਰ ਡੋਪ ਟੈਸਟ 'ਚ ਫੇਲ
Sunday, Aug 28, 2022 - 05:49 PM (IST)
 
            
            ਨਵੀਂ ਦਿੱਲੀ: ਚੋਟੀ ਦੀ ਡਿਸਕਸ ਥ੍ਰੋਅਰ ਨਵਜੀਤ ਕੌਰ ਢਿੱਲੋਂ ਡੋਪਿੰਗ ਟੈਸਟ ਵਿਚ ਫੇਲ ਹੋ ਗਈ ਹੈ। ਉਨ੍ਹਾਂ ਨੂੰ ਵਿਸ਼ਵ ਅਥਲੈਟਿਕਸ ਦੀ ਅਥਲੀਟ ਇੰਟੀਗ੍ਰਿਟੀ ਯੂਨਿਟ (ਏ. ਆਈ. ਯੂ.) ਦੀ ਟੈਸਟਿੰਗ ਵਿਚ ਤਾਕਤ ਵਧਾਉਣ ਵਾਲੇ ਹਾਰਮੋਨ ਟੈਸਟੋਸਟੇਰਾਨ ਲਈ ਦੋਸ਼ੀ ਪਾਇਆ ਗਿਆ ਹੈ। ਪਤਾ ਲੱਗਾ ਹੈ ਕਿ ਏ. ਆਈ. ਯੂ. ਦੀ ਟੀਮ ਨੇ ਕਜ਼ਾਕਿਸਤਾਨ ਦੇ ਅਲਮਾਟੀ ਵਿਚ ਨਵਜੀਤ ਕੌਰ ਦਾ ਸੈਂਪਲ ਲਿਆ ਸੀ।
ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 2018 ਦੀ ਕਾਂਸੀ ਤਮਗ਼ਾ ਜੇਤੂ ਨੂੰ ਡੋਪ ਟੈਸਟ ਵਿਚ ਨਾਕਾਮ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਹ ਐੱਨ. ਆਈ. ਐੱਸ. ਪਟਿਆਲਾ ਵਿਚ ਰਾਸ਼ਟਰੀ ਕੈਂਪ 'ਚੋਂ ਵੀ ਬਾਹਰ ਹੋ ਗਈ ਹੈ। ਨਵਜੀਤ ਨੇ 2014 ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਨਵਜੀਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਉਹ ਅੱਠਵੇਂ ਸਥਾਨ 'ਤੇ ਰਹੀ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            