ਦਿਲੀਪ ਟਿਰਕੀ ਨੇ ਹਾਕੀ ਇੰਡੀਆ ਦੇ ਪ੍ਰਧਾਨ ਅਹੁਦੇ ਲਈ ਭਰਿਆ ਨਾਮਜ਼ਦਗੀ ਪੱਤਰ

09/19/2022 2:15:17 PM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਦਿਲੀਪ ਟਿਰਕੀ ਨੇ ਹਾਕੀ ਇੰਡੀਆ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਭਰਿਆ। ਨਾਮਜ਼ਦਗੀ ਪੱਤਰ ਜਮ੍ਹਾਂ ਕਰਨ ਤੋਂ ਬਾਅਦ ਟਿਰਕੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਇਸ ਖੇਡ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਉਣਾ ਹੈ।

ਟਿਰਕੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਤੁਹਾਡੇ ਸਾਰਿਆਂ ਦੀਆਂ ਸ਼ੁੱਭ-ਕਾਮਨਾਵਾਂ ਦੇ ਨਾਲ ਹਾਕੀ ਇੰਡੀਆ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰ ਦਿੱਤੀ ਹੈ। ਮੈਂ ਭਾਰਤੀ ਹਾਕੀ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਉਣ ਲਈ ਵਚਨਬੱਧ ਹਾਂ। ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ 44 ਸਾਲਾ ਟਿਰਕੀ ਨੂੰ ਬੀਜੂ ਜਨਤਾ ਦਲ ਦੇ ਉਮੀਦਵਾਰ ਦੇ ਰੂਪ ਵਿਚ ਬਿਨਾਂ ਵਿਰੋਧ ਰਾਜ ਸਭਾ ਲਈ ਚੁਣਿਆ ਗਿਆ ਸੀ। 

ਇਸ ਤੋਂ ਪਹਿਲਾਂ ਉਹ ਓਡੀਸ਼ਾ ਸੈਰ ਸਪਾਟਾ ਵਿਕਾਸ ਨਿਗਮ ਦੇ ਪ੍ਰਧਾਨ ਸਨ। ਮੌਜੂਦਾ ਸਮੇਂ ਵਿਚ ਉਹ ਓਡੀਸ਼ਾ ਹਾਕੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਹਨ। ਟਿਰਕੀ 1998 ਬੈਂਕਾਕ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਤੇ 2012 ਵਿਚ ਬੁਸਾਨ ਏਸ਼ੀਆਈ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਹਾਕੀ ਇੰਡੀਆ ਦੀਆਂ ਚੋਣਾਂ ਨੌਂ ਅਕਤੂਬਰ ਨੂੰ ਹੋਣਗੀਆਂ ਜਿਸ ਲਈ ਬਿਹਾਰ ਸਰਕਾਰ ਦੇ ਸਾਬਕਾ ਚੋਣ ਅਧਿਕਾਰੀ ਅਜੇ ਨਾਇਕ ਨੂੰ ਮੁੱਖ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।


Tarsem Singh

Content Editor

Related News