ਧੋਨੀ ਦੀਆਂ 'ਗਾਲਾਂ' ਨੇ ਬਦਲਿਆ ਦੀਪਕ ਚਾਹਰ ਦਾ ਕਰੀਅਰ, ਹੈਟਰਿਕ ਕਰ ਕੀਤਾ ਖੁਦ ਨੂੰ ਸਾਬਤ (Video)

11/11/2019 3:02:51 PM

ਨਵੀਂ ਦਿੱਲੀ : ਟੀਮ ਨੇ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਦੀ ਗੈਰ ਹਾਜ਼ਰੀ ਦੇ ਬਾਵਜੂਦ ਬੰਗਲਾਦੇਸ਼ ਖਿਲਾਫ ਫੈਸਲਾਕੁੰਨ ਮੁਕਾਬਲੇ ਵਿਚ ਬੇਹੱਦ ਹੀ ਦਬਾਅ ਭਰੇ ਮੈਚ ਵਿਚ ਜਿੱਤ ਹਾਸਲ ਕਰ ਸੀਰੀਜ਼ ਆਪਣੇ ਨਾਂ ਕੀਤੀ। ਇਕ ਸਮਾਂ ਅਜਿਹਾ ਆਇਆ ਸੀ ਕਿ ਲੱਗ ਰਿਹਾ ਸੀ ਕਿ ਟੀਮ ਇੰਡੀਆ ਦੇ ਹੱਥੋਂ ਮੈਚ ਅਤੇ ਸੀਰੀਜ਼ ਜਾ ਰਹੀ ਹੈ ਪਰ ਦੀਪਕ ਚਾਹਰ ਨੇ ਮੁਸ਼ਕਿਲ ਸਮੇਂ ਵਿਚ 6 ਵਿਕਟਾਂ ਲੈ ਕੇ ਮੈਚ ਅਤੇ ਸੀਰੀਜ਼ ਦੋਵੇਂ ਭਾਰਤੀ ਟੀਮ ਦੀ ਝੋਲੀ ਵਿਚ ਪਾ ਦਿੱਤੇ। ਦੀਪਕ ਚਾਹਰ ਨੇ ਇਸ ਮੈਚ ਵਿਚ ਹੈਟ੍ਰਿਕ ਵੀ ਲਈ ਅਤੇ ਕੌਮਾਂਤਰੀ ਟੀ-20 ਵਿਚ ਅਜਿਹਾ ਕਰਨ ਵਾਲੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਗਏ। ਦੱਸ ਦਈਏ ਕਿ ਅੱਜ ਭਾਂਵੇ ਹੀ ਦੀਪਕ ਚਾਹਰ ਨੂੰ ਪੂਰੀ ਦੁਨੀਆ ਸਲਾਮ ਕਰ ਰਹੀ ਹੈ ਪਰ ਇਕ ਸਮਾਂ ਅਜਿਹਾ ਸੀ ਜਦੋਂ ਉਸ ਨੂੰ ਕਹਿ ਦਿੱਤਾ ਗਿਆ ਸੀ ਕਿ ਉਹ ਕ੍ਰਿਕਟਰ ਨਹੀਂ ਬਣ ਸਕਦਾ। ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਨੇ ਉਸ ਨੂੰ ਮੈਚ ਦੌਰਾਨ ਫਿੱਟਕਾਰ ਵੀ ਲਗਾਈ ਸੀ, ਜਿਸ ਕਾਰਨ ਉਸ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ ਸੀ।

PunjabKesari

ਧੋਨੀ ਦੀ ਡਾਂਟ ਨੇ ਬਣਾਇਆ ਇਕ ਸਫਲ ਗੇਂਦਬਾਜ਼

ਜੇਕਰ ਅੱਜ ਦੀਪਕ ਚਾਹਰ ਨੂੰ ਪੂਰੀ ਦੁਨੀਆ ਸਲਾਮ ਕਰ ਰਹੀ ਹੈ ਤਾਂ ਉਸ ਵਿਚ ਪੂਰਾ ਹੱਥ ਮਹਿੰਦਰ ਸਿੰਘ ਧੋਨੀ ਦਾ ਹੈ। ਦੀਪਕ ਚਾਹਰ ਇਕ ਚੰਗੇ ਗੇਂਦਬਾਜ਼ ਸੀ ਪਰ ਉਹ ਖਤਰਨਾਕ ਗੇਂਦਬਾਜ਼ ਧੋਨੀ ਦੀ ਕਪਤਾਨੀ ਵਿਚ ਹੀ ਬਣਿਆ। ਦਰਅਸਲ, ਦੀਪਕ ਚਾਹਰ ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਹਨ ਜਿਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਹਨ। ਧੋਨੀ ਚਾਹਰ ਤੋਂ ਸ਼ੁਰੂਆਤੀ 4 ਓਵਰਾਂ ਵਿਚ ਗੇਂਦਬਾਜ਼ੀ ਕਰਵਾਉਂਦੇ ਰਹੇ ਜਿਸ ਕਾਰਨ ਦੀਪਕ ਨੂੰ ਕਾਫੀ ਸਫਲਤਾਵਾਂ ਮਿਲਦੀਆਂ ਰਹੀਆਂ। ਫਿਰ ਬਾਅਦ ਵਿਚ ਧੋਨੀ ਨੇ ਚਾਹਰ ਤੋਂ ਡੈਥ ਓਵਰਾਂ ਵਿਚ ਵੀ ਗੇਂਦਬਾਜ਼ੀ ਸ਼ੁਰੂ ਕਰਵਾਈ। ਚਾਹਰ ਨੂੰ ਡੈਥ ਓਵਰਾਂ ਵਿਚ ਗੇਂਦਬਾਜ਼ੀ ਕਰਨ ਦਾ ਤਜ਼ਰਬਾ ਨਹੀਂ ਸੀ ਅਤੇ ਉਸ ਨੇ ਕਈ ਗਲਤੀਆਂ ਕਰਨੀਆਂ ਸ਼ੁਰੂ ਕੀਤੀਆਂ, ਜਿਸ ਕਾਰਨ ਧੋਨੀ ਨੇ ਉਸ ਨੂੰ ਮੈਚ ਦੌਰਾਨ ਫਿੱਟਕਾਰ ਲਗਾਈ। ਧੋਨੀ ਨੇ ਮੈਚ ਦੌਰਾਨ ਉਸ ਨੂੰ ਇੰਨਾ ਝਿੜਕਿਆ ਕਿ ਚਾਹਰ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ। ਕਿੰਗਜ਼ ਇਲੈਵਨ ਪੰਜਾਬ ਖਿਲਾਫ ਹੋਏ ਇਸ ਮੈਚ ਵਿਚ ਚਾਹਰ ਨੂੰ 19ਵਾਂ ਓਵਰ ਸੌਂਪਿਆ ਗਿਆ ਅਤੇ ਇਸ ਵਿਚ ਚਾਹਰ ਨੇ 2 ਫੁਲਟਾਸ ਗੇਂਦਾਂ ਅਤੇ ਇਕ ਨੋ ਬਾਲ ਸੁੱਟੀ। ਜਿਸ 'ਤੇ ਧੋਨੀ ਨਾਰਾਜ਼ ਹੋ ਗਏ ਅਤੇ ਉਸ ਨੇ ਚਾਹਰ ਨੂੰ ਪਲਾਨ ਮੁਤਾਬਕ ਗੇਂਦਬਾਜ਼ੀ ਕਰਨ ਲਈ ਕਿਹਾ। ਚਾਹਰ ਦਾ ਚਿਹਰਾ ਸਾਫ ਉੱਤਰਿਆ ਦਿਸ ਰਿਹਾ ਸੀ। ਹਾਲਾਂਕਿ ਧੋਨੀ ਦੀ ਫਿੱਟਕਾਰ ਤੋਂ ਬਾਅਦ ਚਾਹਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚੇਨਈ ਸੁਪਰ ਕਿੰਗਜ਼ ਨੇ ਉਹ ਮੈਚ ਆਪਣੇ ਨਾਂ ਕੀਤਾ।

ਗ੍ਰੇਗ ਚੈਪਲ ਨੇ ਚਾਹਰ ਨੂੰ ਦੱਸਿਆ ਸੀ ਖਰਾਬ ਕ੍ਰਿਕਟਰ
PunjabKesari

ਦੱਸ ਦਈਏ ਕਿ ਦੀਪਕ ਚਾਹਰ ਜਦੋਂ ਛੋਟੇ ਸੀ ਤਾਂ ਉਹ ਰਾਜਸਥਾਨ ਦੇ ਹਨੁਮਾਨਗੜ੍ਹ ਵਿਚ ਪ੍ਰੈਕਟਿਸ ਕਰਦੇ ਸੀ। ਇਕ ਵਾਰ ਚਾਹਰ ਦੀ ਉੱਥੇ ਗ੍ਰੇਗ ਚੈਪਲ ਨਾਲ ਮੁਲਾਕਾਤ ਹੋਈ। ਦੀਪਕ ਚਾਹਰ ਦੀ ਗੇਂਦਬਾਜ਼ੀ ਦੇਖਣ ਤੋਂ ਬਾਅਦ ਚੈਪਲ ਨੇ ਉਸ ਨੂੰ ਕਿਹਾ ਸੀ ਕਿ ਉਹ ਕ੍ਰਿਕਟ ਛੱਡ ਦੇਵੇ ਕਿਉਂਕਿ ਉਹ ਕ੍ਰਿਕਟਰ ਨਹੀਂ ਬਣਾ ਸਕਦਾ। ਦੀਪਕ ਚਾਹਰ ਨੇ ਗ੍ਰੇਗ ਚੈਪਲ ਦੀ ਗੱਲਾਂ ਨੂੰ ਇਕ ਚੈਲੰਜ ਦੀ ਤਰ੍ਹਾਂ ਲਿਆ ਅਤੇ ਅੱਜ ਚਾਹਰ ਨੇ ਉਹ ਉਪਲੱਬਧੀ ਹਾਸਲ ਕੀਤੀ ਜੋ ਕਿਸੇ ਭਾਰਤੀ ਕ੍ਰਿਕਟਰ ਦੇ ਨਾਂ ਨਹੀਂ ਹੈ।


Related News