ਧੋਨੀ 'ਚ ਵੱਡੇ ਸ਼ਾਟ ਮਾਰਨ ਦੀ ਸੀ ਸਮਰੱਥਾ, ਇਸ ਲਈ ਚੋਟੀਕ੍ਰਮ 'ਚ ਉਤਾਰਿਆ : ਗਾਂਗੁਲੀ
Monday, Aug 24, 2020 - 09:52 PM (IST)
ਨਵੀਂ ਦਿੱਲੀ– ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਉਸ ਨੂੰ ਪਤਾ ਸੀ ਕਿ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਵਿਚ ਵੱਡੇ ਸ਼ਾਟ ਮਾਰਨ ਦੀ ਸਮਰੱਥਾ ਹੈ, ਇਸ ਲਈ ਉਸ ਨੇ ਆਪਣੀ ਕਪਤਾਨੀ ਵਿਚ ਧੋਨੀ ਨੂੰ ਚੋਟੀਕ੍ਰਮ 'ਚ ਖੇਡਣ ਲਈ ਉਤਾਰਿਆ ਸੀ। ਆਪਣੀ ਕਪਤਾਨੀ 'ਚ ਟੀਮ ਨੂੰ ਦੋ ਵਾਰ ਵਿਸ਼ਵ ਕੱਪ ਜਿੱਤਾਉਣ ਵਾਲੇ ਧੋਨੀ ਨੇ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਗਾਂਗੁਲੀ ਨੇ ਕਿਹਾ ਕਿ ਧੋਨੀ 'ਚ ਵੱਡੇ ਸ਼ਾਟ ਖੇਡਣ ਦੀ ਕਾਬਲੀਅਤ ਸੀ ਤੇ ਇਸ ਲਈ ਉਸ ਨੂੰ ਬੱਲੇਬਾਜ਼ੀ ਕ੍ਰਮ 'ਚ ਉੱਪਰ ਲਿਆਉਣ ਤੇ ਆਜ਼ਾਦੀ ਨਾਲ ਆਪਣਾ ਖੇਡ ਖੇਡਣਾ ਜ਼ਰੂਰੀ ਸੀ।
ਗਾਂਗੁਲੀ ਨੇ ਦੱਸਿਆ ਕਿ ਉਸ ਨੇ 2005 ਵਿਚ ਚੈਲੰਜਰਜ਼ ਟਰਾਫੀ ਦੌਰਾਨ ਮੁੰਬਈ ਵਿਚ ਇੰਡੀਆ ਸੀਨੀਅਰ ਵਲੋਂ ਖੇਡਦੇ ਹੋਏ ਧੋਨੀ ਨੂੰ ਚੋਟੀਕ੍ਰਮ 'ਚ ਖਿਡਾਉਣ ਦਾ ਫੈਸਲਾ ਲਿਆ ਸੀ ਤੇ ਧੋਨੀ ਨੇ ਇੰਡੀਆ-ਬੀ ਵਿਰੁੱਧ ਉਸ ਮੁਕਾਬਲੇ ਵਿਚ 96 ਗੇਂਦਾਂ 'ਤੇ ਅਜੇਤੂ 102 ਦੌੜਾਂ ਬਣਾਈਆਂ ਸਨ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਧੋਨੀ ਨੇ ਗਾਂਗੁਲੀ ਦੀ ਅਗਵਾਈ 'ਚ ਹੀ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਧੋਨੀ ਨੇ ਆਪਣੇ ਕਰੀਅਰ 'ਚ 16 ਵਾਰ ਤੀਜੇ ਨੰਬਰ 'ਤੇ ਖੇਡਣ ਉੱਤਰੇ ਤੇ ਇਸ ਸਥਾਨ 'ਤੇ ਉਸਦਾ ਔਸਤ 82.75 ਦਾ ਰਿਹਾ। ਗਾਂਗੁਲੀ ਨੇ ਕਿਹਾ ਕਿ ਜਦੋਂ ਮੈਂ ਸੰਨਿਆਸ ਲਿਆ ਤਾਂ ਮੈਂ ਕਈ ਵਾਰ ਆਪਣੇ ਵਿਚਾਰ ਰੱਖੇ ਕਿ ਧੋਨੀ ਨੂੰ ਉੱਪਰੀ ਕ੍ਰਮ 'ਚ ਖੇਡਣਾ ਚਾਹੀਦਾ ਹੈ।