ਧੋਨੀ ਤੇ ਯੁਵੀ ਦੇ ਤੂਫਾਨ ''ਚ ਉੱਡਿਆ ਇੰਗਲੈਂਡ, 2-0 ਨਾਲ ਕੀਤਾ ਸੀਰੀਜ਼ ''ਤੇ ਕਬਜ਼ਾ

01/20/2017 10:49:49 AM

ਕਟਕ - ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ (150) ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (134) ਦੇ 256 ਦੌੜਾਂ ਦੀ ਦੋਸਤਾਨਾ ਸਾਂਝੇਦਾਰੀ ਤੋਂ ਬਾਅਦ ਸਟਾਰ ਆਫ ਸਪਿਨਰ ਰਵੀਚੰਦਰਨ (65 ਦੌੜਾਂ ''ਤੇ 3 ਵਿਕਟਾਂ) ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (81 ਦੌੜਾਂ ''ਤੇ 2 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਦੂਜੇ ਵਨ ਡੇ ਵਿਚ ਵੀਰਵਾਰ  ਨੂੰ ਰੋਮਾਂਚਕ ਮੁਕਾਬਲੇ ਵਿਚ 15 ਦੌੜਾਂ ਨਾਲ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ।
ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ''ਤੇ 381 ਦੌੜਾਂ ਦਾ ਵੱਡਾ ਸਕੋਰ ਬਣਾਇਆ ਤੇ ਫਿਰ ਆਖਰੀ ਸਮੇਂ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਮਾਨ ਇੰਗਲੈਂਡ ਦੀ ਟੀਮ ਨੂੰ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ''ਤੇ 366 ਦੇ ਸਕੋਰ ''ਤੇ ਰੋਕ ਕੇ ਮੈਚ 15 ਦੌੜਾਂ ਨਾਲ ਆਪਣੇ ਨਾਂ ਕਰ ਲਿਆ।
ਭਾਰਤ ਤੋਂ ਮਿਲੇ 382 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ ਕਪਤਾਨ ਇਯੋਨ ਮੋਰਗਨ (102), ਜੇਸਨ ਰਾਏ (82), ਮੋਇਨ ਅਲੀ (55) ਤੇ ਜੋ ਰੂਟ (54) ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ''ਤੇ ਆਖਰੀ ਸਮੇਂ ਤੱਕ ਪਿੱਛਾ ਕੀਤਾ ਪਰ ਮੋਰਗਨ ਦੇ ਆਊਟ ਹੁੰਦੇ ਹੀ ਜਿੱਤ ਇੰਗਲੈਂਡ ਤੋਂ ਦੂਰ ਹੁੰਦੀ ਗਈ ਤੇ ਇੰਗਲੈਂਡ ਦੀ ਟੀਮ 50 ਓਵਰਾਂ ਵਿਚ 8 ਵਿਕਟਾਂ ''ਤੇ 366 ਦੌੜਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਛੇ ਸਾਲ ਦੇ ਲੰਬੇ ਸਮੇਂ ਬਾਅਦ ਆਪਣਾ ਪਹਿਲਾ ਸੈਂਕੜਾ ਬਣਾਇਆ ਜਦਕਿ ਧੋਨੀ ਨੇ ਤਿੰਨ ਸਾਲ ਬਾਅਦ ਜਾ ਕੇ ਆਪਣਾ ਪਹਿਲਾ ਸੈਂਕੜਾ ਬਣਾਇਆ। ਯੁਵਰਾਜ ਨੇ ਮਾਰਚ 2011 ਤੋਂ ਬਾਅਦ ਜਦਕਿ ਧੋਨੀ ਨੇ ਅਕਤੂਬਰ 2013 ਤੋਂ ਬਾਅਦ ਸੈਂਕੜਾ ਲਗਾਇਆ। ਯੁਵਰਾਜ ਦਾ ਇਹ 14ਵਾਂ ਤੇ ਧੋਨੀ ਦਾ 10ਵਾਂ ਸੈਂਕੜਾ ਸੀ। ਦੋਵਾਂ ਨੇ ਚੌਥੀ ਵਿਕਟ ਲਈ 256 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਹੜੀ ਇਕ ਦਿਨਾ ਕ੍ਰਿਕਟ ਵਿਚ ਚੌਥੀ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਤਿੰਨ ਸਾਲ ਬਾਅਦ ਭਾਰਤੀ ਵਨ ਡੇ ਟੀਮ ਵਿਚ ਪਰਤੇ ਯੁਵਰਾਜ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 127 ਗੇਂਦਾਂ ''ਤੇ 150 ਦੌੜਾਂ ਵਿਚ 21 ਚੌਕੇ ਤੇ 3 ਛੱਕੇ ਲਗਾਏ। ਯੁਵਰਾਜ ਨੇ ਇਸਦੇ ਨਾਲ ਹੀ ਆਪਣਾ ਸਰਵਸ੍ਰੇਸ਼ਠ ਸਕੋਰ ਵੀ ਬਣਾ ਦਿੱਤਾ। ਯੁਵਰਾਜ ਦਾ ਇਸ ਤੋਂ ਪਹਿਲਾਂ ਸਰਵਸ੍ਰੇਸ਼ਠ ਸਕੋਰ 139 ਦੌੜਾਂ ਸੀ, ਜਿਹੜਾ ਉਸ ਨੇ ਜਨਵਰੀ 2004 ਵਿਚ ਸਿਡਨੀ ਵਿਚ ਆਸਟ੍ਰੇਲੀਆ ਵਿਰੁੱਧ ਬਣਾਇਆ ਸੀ।
ਲੜੀ ਤੋਂ ਪਹਿਲਾਂ ਕਪਤਾਨੀ ਛੱਡਣ ਵਾਲੇ ਧੋਨੀ ਨੇ ਵੀ ਆਪਣਾ ਰੰਗ ਦਿਖਾਇਆ ਤੇ 122 ਗੇਂਦਾਂ ''ਤੇ 134 ਦੌੜਾਂ ਵਿਚ 10 ਚੌਕੇ ਤੇ 6 ਛੱਕੇ ਲਗਾਏ। ਦੋਵਾਂ ਨੇ ਚੌਥੀ ਵਿਕਟ ਲਈ 38.2 ਓਵਰਾਂ ਦੀ ਸਾਂਝੇਦਾਰੀ ਕਰਦਿਆਂ ਭਾਰਤ ਨੂੰ 3 ਵਿਕਟਾਂ ''ਤੇ 25 ਦੌੜਾਂ ਦੀ ਨਾਜ਼ੁਕ ਸਥਿਤੀ ਤੋਂ ਉਭਾਰਿਆ।
ਭਾਰਤ ਦੀ ਜਿੱਤ ਦਾ ਟਰਨਿੰਗ ਪੁਆਇੰਟ
ਇਕ ਸਮੇਂ  ਜਦੋਂ ਇੰਗਲੈਂਡ ਜਿੱਤ ਵੱਲ ਵਧ ਰਿਹਾ ਸੀ ਤਾਂ ਪਲੰਕੇਟ ਵਲੋਂ ਖੇਡੀ ਗਈ 48ਵੇਂ ਓਵਰ ਦੀ ਤੀਜੀ  ਗੇਂਦ ''ਤੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅੰਗਰੇਜ਼ ਕਪਤਾਨ ਇਯੋਨ ਮੋਰਗਨ ਨੂੰ ਰਨ ਆਊਟ ਕਰ ਦਿੱਤਾ। ਪਲੰਕੇਟ ਨੇ ਇਸ ਗੇਂਦ ਨੂੰ ਰੱਖਿਆਤਮਕ ਢੰਗ ਨਾਲ ਖੇਡਿਆ ਪਰ ਮੋਰਗਨ ਦੌੜ ਲੈਣ ਦੇ ਚੱਕਰ ਵਿਚ ਵਿਕਟਾਂ ਛੱਡ ਕੇ ਅੱਗੇ ਵਧ ਗਿਆ ਤੇ ਬੁਮਰਾਹ ਨੇ ਹੁਸ਼ਿਆਰੀ ਵਰਤਦਿਆਂ ਮੋਰਗਨ ਨੂੰ ਰਨ ਆਊਟ ਕਰ ਦਿੱਤਾ ਤੇ ਇਥੋਂ ਮੈਚ ਨੇ ਭਾਰਤ ਵੱਲ ਪਾਸਾ ਪਲਟ ਲਿਆ।
ਭਾਰਤ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ
ਭਾਰਤ ਨੇ ਇੰਗਲੈਂਡ ਵਿਰੁੱਧ ਦੂਜੇ ਵਨ ਡੇ ਵਿਚ 6 ਵਿਕਟਾਂ ''ਤੇ 381 ਦੌੜਾਂ ਬਣਾ ਕੇ ਸਭ ਤੋਂ ਵੱਧ 23 ਵਾਰ 350 ਦਾ ਸਕੋਰ ਬਣਾਉਣ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਭਾਰਤ ਨੇ ਪੁਣੇ ਵਿਚ ਪਹਿਲੇ ਵਨ ਡੇ ਦੌਰਾਨ 351 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਦੇ ਸਭ ਤੋਂ ਵਧ ਵਾਰ 350 ਦੌੜਾਂ ਦੇ ਸਕੋਰ ਬਣਾਉਣ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ ਤੇ ਕਟਕ ਵਿਚ 381 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਪਿੱਛੇ ਛੱਡ ਦਿੱਤਾ।  ਭਾਰਤ ਦਾ ਇਹ ਸਕੋਰ ਇੰਗਲੈਂਡ ਵਿਰੁੱਧ ਤੀਜਾ ਸਭ ਤੋਂ ਵੱਡਾ ਸਕੋਰ ਹੈ। ਇੰਗਲੈਂਡ ਵਿਰੁੱਧ ਸਭ ਤੋਂ ਵੱਡਾ ਸਕੋਰ 398 ਦੌੜਾਂ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਂ ਹੈ ਜਦਕਿ ਭਾਰਤ ਨੇ ਨਵੰਬਰ 2008 ਵਿਚ ਰਾਜਕੋਟ ਵਿਚ ਇੰਗਲੈਂਡ ਵਿਰੁੱਧ 387 ਦੌੜਾਂ ਬਣਾਈਆਂ ਸਨ।
ਧੋਨੀ ਦੇ ਰਿਕਾਰਡ 200 ਛੱਕੇ
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਇਕ ਦਿਨਾ ਕੌਮਾਂਤਰੀ ਕ੍ਰਿਕਟ ਵਿਚ 200 ਛੱਕੇ ਲਗਾਉਣ ਵਾਲਾ ਦੁਨੀਆ ਦਾ ਪੰਜਵਾਂ ਬੱਲੇਬਾਜ਼ ਬਣ ਗਿਆ। ਆਪਣਾ 285ਵਾਂ ਮੈਚ ਖੇਡ ਰਹੇ ਧੋਨੀ ਦੇ ਨਾਂ ''ਤੇ ਹੁਣ 203 ਛੱਕੇ ਦਰਜ ਹੋ ਗਏ ਹਨ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਤੇ ਦੁਨੀਆ ਦਾ ਪੰਜਵਾਂ ਬੱਲੇਬਾਜ਼ ਹੈ।  ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੇ ਸਭ ਤੋਂ ਵੱਧ (351) ਛੱਕੇ ਲਗਾਏ ਹਨ। ਇਸ ਤਰ੍ਹਾਂ ਧੋਨੀ ਨੇ ਸਚਿਨ ਦੇ 195 ਛੱਕਿਆਂ ਦਾ ਰਿਕਾਰਡ ਵੀ ਤੋੜ  ਦਿੱਤਾ।
ਯੁਵੀ ਨੇ ਤੋੜਿਆ ਸਚਿਨ ਦਾ ਰਿਕਾਰਡ
ਯੁਵਰਾਜ ਸਿੰਘ ਨੇ ਅੱਜ ਇੰਗਲੈਂਡ ਵਿਰੁੱਧ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਸਚਿਨ ਤੇਂਦੁਲਕਰ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਇੰਗਲੈਂਡ ਵਿਰੁੱਧ 150 ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ। ਯੁਵਰਾਜ ਨੇ ਇੰਗਲੈਂਡ ਵਿਰੁੱਧ ਵਨ ਡੇ ਵਿਚ ਕੁੱਲ ਦੌੜਾਂ ਦੀ ਗਿਣਤੀ 1478 ਦੌੜਾਂ ''ਤੇ ਪਹੁੰਚਾਈ, ਜਿਹੜਾ ਕਿ ਨਵਾਂ ਰਿਕਾਰਡ ਹੈ। ਉਸ ਨੇ ਤੇਂਦੁਲਕਰ (1455 ਦੌੜਾਂ) ਦੇ ਰਿਕਾਰਡ ਨੂੰ ਤੋੜਿਆ।  ਇਸ ਤੋਂ ਬਾਅਦ ਧੋਨੀ (1400 ਦੌੜਾਂ) ਦਾ ਨੰਬਰ ਆਉਂਦਾ ਹੈ। ਯੁਵਰਾਜ ਨੇ ਇੰਗਲੈਂਡ ਵਿਰੁੱਧ ਚੌਥਾ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਦੇ ਤਿੰਨ ਸੈਂਕੜਿਆਂ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ।

Related News