IPL ਅੱਗੇ ਵਧਣ ਨਾਲ ਧੋਨੀ ਦਾ ਪ੍ਰਦਰਸ਼ਨ ਵੀ ਬਿਹਤਰ ਹੋਵੇਗਾ: ਫਲੇਮਿੰਗ

Thursday, Sep 24, 2020 - 10:35 PM (IST)

IPL ਅੱਗੇ ਵਧਣ ਨਾਲ ਧੋਨੀ ਦਾ ਪ੍ਰਦਰਸ਼ਨ ਵੀ ਬਿਹਤਰ ਹੋਵੇਗਾ: ਫਲੇਮਿੰਗ

ਦੁਬਈ : ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਵੀਰਵਾਰ ਨੂੰ ਆਲੋਚਨਾਵਾਂ ਨਾਲ ਘਿਰੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਲੰਬੇ ਬ੍ਰੇਕ ਤੋਂ ਬਾਅਦ ਵਧੀਆ ਫ਼ਾਰਮ ਲਿਆਉਣ 'ਚ ਥੋੜ੍ਹਾ ਸਮਾਂ ਲੱਗੇਗਾ ਅਤੇ ਜਿਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਅੱਗੇ ਵਧੇਗਾ, ਉਹ ਵੀ ਬਿਹਤਰ ਹੋਰ ਬਿਹਤਰ ਹੁੰਦੇ ਜਾਣਗੇ। ਚੇਨਈ ਸੁਪਰ ਕਿੰਗਜ਼ ਦੀ ਟੀਮ ਰਾਜਸਥਾਨ ਰਾਇਲਜ਼ ਖ਼ਿਲਾਫ਼ ਜਿੱਤ ਲਈ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਧੋਨੀ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਅਤੇ ਉਦੋਂ ਉਨ੍ਹਾਂ ਨੂੰ 38 ਗੇਂਦ 'ਚ 103 ਦੌੜਾਂ ਦੀ ਜ਼ਰੂਰਤ ਸੀ।

ਸਾਬਕਾ ਭਾਰਤੀ ਕਪਤਾਨ ਨੇ 17 ਗੇਂਦ 'ਚ 29 ਦੌੜਾਂ ਦੀ ਪਾਰੀ ਖੇਡੀ ਪਰ ਟੀਮ 16 ਦੌੜਾਂ ਨਾਲ ਹਾਰ ਗਈ। ਫਲੇਮਿੰਗ ਨੇ ਦਿੱਲੀ ਕੈਪਿਟਲਸ ਖ਼ਿਲਾਫ਼ ਸ਼ੁੱਕਰਵਾਰ ਨੂੰ ਹੋਣ ਵਾਲੇ ਮੁਕਾਬਲੇ ਦੀ ਪਹਿਲਾਂ ਦੀ ਸ਼ਾਮ 'ਤੇ ਕਿਹਾ, ‘ਧੋਨੀ ਇੱਕ ਅਜਿਹਾ ਖਿਡਾਰੀ ਹੈ ਜਿਸ ਨੇ ਪਿਛਲੇ ਇੱਕ ਡੇਢ ਸਾਲ 'ਚ ਜ਼ਿਆਦਾ ਕ੍ਰਿਕਟ ਨਹੀਂ ਖੇਡੀ ਹੈ। ਹਰ ਕੋਈ ਧੋਨੀ ਤੋਂ ਉਮੀਦ ਕਰਦਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਆਉਂਦੇ ਹੀ ਉਹੀ ਕਰਨਾ ਸ਼ੁਰੂ ਕਰ  ਦੇਣ ਜੋ ਉਹ ਕਰਦਾ ਸੀ। ਅਜਿਹਾ ਨਹੀਂ ਹੁੰਦਾ, ਇਸ 'ਚ ਥੋੜ੍ਹਾ ਸਮਾਂ ਲੱਗਦਾ ਹੈ।

ਉਨ੍ਹਾਂ ਕਿਹਾ, ‘ਇਸ ਪ੍ਰਕਿਰਿਆ 'ਚ ਉਸਦਾ ‘ਗੇਮ ਟਾਈਮ ਜ਼ਰੂਰੀ ਹੈ ਅਤੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਹਿਲੀ ਵਾਰ ਸੀ ਜਦੋਂ ਉਸ ਨੇ ਕਰੀਜ਼ 'ਤੇ ਬੱਲੇਬਾਜ਼ੀ ਕੀਤੀ ਕਿਉਂਕਿ ਮੁੰਬਈ ਇੰਡੀਅਨਜ਼ ਖ਼ਿਲਾਫ਼ ਉਸਨੇ ਕੁੱਝ ਇੱਕ ਗੇਂਦ ਖੇਡੀ ਸੀ। ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਨੇ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਨ ਲਈ ਧੋਨੀ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਅੱਗੇ ਆ ਕੇ ਅਗਵਾਈ ਨਹੀਂ ਕਰ ਰਹੇ ਸੀ। ਫਲੇਮਿੰਗ ਨੇ ਕਿਹਾ, ‘ਜਿਵੇਂ ਟੂਰਨਾਮੈਂਟ ਅੱਗੇ ਵਧੇਗਾ, ਉਹ ਬਿਹਤਰ ਨਾਲੋਂ ਹੋਰ ਬਿਹਤਰ ਹੁੰਦਾ ਜਾਵੇਗਾ। ਆਉਂਦੇ ਹੀ ਉਸ ਤੋਂ 30 ਗੇਂਦਾਂ 'ਚ 70 ਦੌੜਾਂ ਦੀ ਉਮੀਦ ਕਰਨਾ ਮੁਸ਼ਕਿਲ ਚੀਜ਼ ਹੋਵੇਗੀ ਅਤੇ ਸਾਡੇ ਕੋਲ ਹੋਰ ਖਿਡਾਰੀ ਵੀ ਹਨ ਜੋ ਚੰਗੀ ਫ਼ਾਰਮ 'ਚ ਹਨ ਅਤੇ ਵਧੀਆ ਕੰਮ ਕਰ ਸਕਦੇ ਹਨ।


author

Inder Prajapati

Content Editor

Related News