ਰਾਘਵੀ ਤੇ ਤੇਜਲ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਆਸਟ੍ਰੇਲੀਆ-ਏ ਤੋਂ ਹਾਰਿਆ ਭਾਰਤ-ਏ

Thursday, Aug 15, 2024 - 10:56 AM (IST)

ਰਾਘਵੀ ਤੇ ਤੇਜਲ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਆਸਟ੍ਰੇਲੀਆ-ਏ ਤੋਂ ਹਾਰਿਆ ਭਾਰਤ-ਏ

ਆਸਟ੍ਰੇਲੀਆ–ਮੱਧਕ੍ਰਮ ਦੀਆਂ ਬੱਲੇਬਾਜ਼ਾਂ ਰਾਘਵੀ ਬਿਸ਼ਟ ਤੇ ਤੇਜਲ ਹਸਬ੍ਰਿਸ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤ-ਏ ਮਹਿਲਾ ਕ੍ਰਿਕਟ ਟੀਮ ਨੂੰ ਬੁੱਧਵਾਰ ਨੂੰ ਇੱਥੇ ਪਹਿਲੇ ਵਨ ਡੇ ਵਿਚ ਆਸਟ੍ਰੇਲੀਆ-ਏ ਵਿਰੁੱਧ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ-ਏ ਦੀਆਂ 250 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ-ਏ ਨੇ ਕੈਟੀ ਮੈਕ (129 ਦੌੜਾਂ, 126 ਗੇਂਦਾਂ, 11 ਚੌਕੇ) ਦੇ ਸੈਂਕੜੇ ਤੇ ਕਪਤਾਨ ਤਾਹਿਲਾ ਮੈਕਗ੍ਰਾ (56) ਦੇ ਅਰਧ ਸੈਂਕੜੇ ਨਾਲ 47 ਓਵਰਾਂ ਵਿਚ 6 ਵਿਕਟਾਂ ’ਤੇ 250 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਕੇਟੀ ਨੇ ਸਾਥੀ ਸਲਾਮੀ ਬੱਲੇਬਾਜ਼ ਮੈਡੀ ਡਾਰਕ (27) ਤੇ ਚਾਰਲੀ ਨਾਟ (26) ਨਾਲ ਅਰਧ ਸੈਂਕੜੇ ਜਦਕਿ ਕਪਤਾਨ ਤਾਹਿਲਾ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਮੇਜ਼ਬਾਨ ਟੀਮ ਦੀ ਜਿੱਤ ਦਾ ਰਸਤਾ ਆਸਾਨ ਕੀਤਾ। ਭਾਰਤ ਨੇ ਇਸ ਤੋਂ ਪਹਿਲਾਂ ਰਾਘਵੀ ਦੀ 102 ਗੇਂਦਾਂ ਵਿਚ 6 ਚੌਕਿਆਂ ਨਾਲ 82 ਤੇ ਤੇਜਲ ਦੀ 67 ਗੇਂਦਾਂ ਵਿਚ 7 ਚੌਕਿਆਂ ਨਾਲ 53 ਦੌੜਾਂ ਦੀ ਪਾਰੀ ਨਾਲ 9 ਵਿਕਟਾਂ ’ਤੇ 249 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ ਸੀ। ਭਾਰਤ ਲਈ ਤੇਜ਼ ਗੇਂਦਬਾਜ਼ ਮੇਘਨਾ ਸਿੰਘ (43 ਦੌੜਾਂ ’ਤੇ 2 ਵਿਕਟਾਂ) ਤੇ ਸਪਿਨਰ ਮੀਨੂ ਮਣੀ (53 ਦੌੜਾਂ ’ਤੇ 2 ਵਿਕਟਾਂ) ਨੇ ਦੋ-ਦੋ ਵਿਕਟਾਂ ਲਈਆਂ।
ਆਸਟ੍ਰੇਲੀਆ ਦੌਰੇ ’ਤੇ ਭਾਰਤ-ਏ ਦੀ ਇਹ ਲਗਾਤਾਰ ਚੌਥੀ ਹਾਰ ਹੈ। ਇਸ ਤੋਂ ਪਹਿਲਾਂ ਟੀਮ ਨੂੰ ਬ੍ਰਿਸਬੇਨ ਵਿਚ ਟੀ-20 ਲੜੀ ਵਿਚ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ।
ਕੁਝ ਹੀ ਸੀਨੀਅਰ ਖਿਡਾਰਨਾਂ ਨਾਲ ਖੇਡ ਰਹੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਸਲਾਮੀ ਬੱਲੇਬਾਜ਼ਾਂ ਸ਼ਵੇਤਾ ਸਹਿਰਾਵਤ (1) ਤੇ ਪ੍ਰਿਯਾ ਪੂਨੀਆ (6) ਦੀ ਵਿਕਟ ਜਲਦ ਗੁਆ ਦਿੱਤੀ। ਭਾਰਤੀ ਟੀਮ ਇਕ ਸਮੇਂ 56 ਦੌੜਾਂ ’ਤੇ 3 ਵਿਕਟਾਂ ਗੁਆ ਕੇ ਸੰਕਟ ਵਿਚ ਸੀ ਪਰ ਇਸ ਸਵਰੂਪ ਵਿਚ ਡੈਬਿਊ ਕਰ ਰਹੀ ਤੇਜਲ ਤੇ ਰਾਘਵੀ ਨੇ 55 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਰਾਘਵੀ ਨੇ ਕਪਤਾਨ ਮੀਨੂ (27) ਤੇ ਸ਼ਿਪ੍ਰਾ ਗਿਰੀ (ਅਜੇਤੂ 25) ਨਾਲ ਵੀ ਅਰਧ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕਰਕੇ ਭਾਰਤੀ ਟੀਮ ਨੂੰ ਸਨਮਾਨਜਕ ਸਕੋਰ ਤਕ ਪਹੁੰਚਾਇਆ ਸੀ। 


author

Aarti dhillon

Content Editor

Related News