ਓਲੰਪਿਕ ਲਈ ਪੈਰਿਸ ’ਚ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ
Sunday, Jul 21, 2024 - 06:38 PM (IST)
ਪੈਰਿਸ–ਪੈਰਿਸ ਓਲੰਪਿਕ ਦੇ ਆਯੋਜਨ ਨਾਲ ਜੁੜੇ ਪ੍ਰਮੁੱਖ ਲੋਕਾਂ ਨੇ ਲਗਭਗ ਇਕ ਸਾਲ ਪਹਿਲਾਂ ਆਤਮਵਿਸ਼ਵਾਸ ਨਾਲ ਕਿਹਾ ਸੀ ਕਿ ਇਨ੍ਹਾਂ ਖੇਡਾਂ ਦੌਰਾਨ ਫਰਾਂਸ ਦੀ ਰਾਜਧਾਨੀ ‘ਦੁਨੀਆ ਦੀ ਸਭ ਤੋਂ ਸੁਰੱਖਿਅਤ ਜਗ੍ਹਾ’ ਹੋਵੇਗੀ ਪਰ ਹੁਣ ਹਾਲਾਤ ਬਦਲ ਗਏ ਹਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਚਾਰ-ਚੰਨ ਲਾਉਣ ਲਈ ਪੁਲਸ ਦੇ ਨਾਲ ਸੈਨਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਦੀ ਮਦਦ ਲਈ ਜਾ ਰਹੀ ਹੈ। ਪੈਰਿਸ ਵਿਚ ਪੁਲਸ ਦਲ ਸੜਕਾਂ ’ਤੇ ਗਸ਼ਤ ਕਰ ਰਿਹਾ ਹੈ, ਅਸਮਾਨ ਵਿਚ ਲੜਾਕੂ ਜੈੱਟ ਜਹਾਜ਼ ਉੱਡ ਰਹੇ ਹਨ ਤੇ ਸੈਨਾ ਦੀ ਟੁੱਕੜੀ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਹੰਗਾਮੀ ਸਥਿਤੀ ਵਿਚ ਕਿਸੇ ਵੀ ਖੇਡ ਸਥਾਨ ਜਾਂ ਖੇਡ ਪਿੰਡ ਵਿਚ ਅੱਧੇ ਘੰਟੇ ਵਿਚ ਪਹੁੰਚ ਜਾਵੇ।
ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਕਰਨ ਵਾਲੇ ਸੀਨ ਨਦੀ ਦੇ ਕੰਢਿਆਂ ਨੂੰ ਪਹਿਲਾਂ ਖੁੱਲ੍ਹਾ ਰੱਖਣ ਦੀ ਯੋਜਨਾ ਸੀ ਪਰ ਹੁਣ ਦੋਵੇਂ ਕੰਢਿਆਂ ’ਤੇ ਬੈਰੀਅਰ ਲਗਾਏ ਜਾ ਰਹੇ ਹਨ। ਯੂਕ੍ਰੇਨ ਤੇ ਗਾਜਾ ਵਿਚ ਚੱਲ ਰਹੇ ਯੁੱਧ ਤੇ ਵਧਦੇ ਕੌਮਾਂਤਰੀ ਤਣਾਅ ਵਿਚਾਲੇ ਫਰਾਂਸ ਦੇ ਸਾਹਮਣੇ 26 ਜੁਲਾਈ ਤੋਂ 11 ਅਗਸਤ ਤਕ ਦੁਨੀਆ ਦੇ ਲੱਗਭਗ 10,500 ਖਿਡਾਰੀਆਂ ਦੇ ਨਾਲ ਲੱਖਾਂ ਦੀ ਗਿਣਤੀ ਵਿਚ ਇੱਥੇ ਆਉਣ ਵਾਲੇ ਪ੍ਰਸ਼ੰਸਕਾਂ ਦੀ ਸੁਰੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਇਨ੍ਹਾਂ ਖੇਡਾਂ ’ਤੇ ਸਾਈਬਰ ਹਮਲਿਆਂ ਦਾ ਵੀ ਖਤਰਾ ਹੈ। ਪੈਰਿਸ ਖੇਡਾਂ ਲਈ 45000 ਪੁਲਸ ਕਰਮਚਾਰੀਆਂ ਦੇ ਨਾਲ ਲਗਭਗ 10,000 ਸੈਨਾ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੈਰਿਸ ਵਿਚ ਸਭ ਤੋਂ ਵੱਡਾ ਸੈਨਿਕ ਕੈਂਪ ਹੈ। ਪੈਰਿਸ ਵਿਚ 2015 ਤੋਂ ਬਾਅਦ ਅਲ-ਕਾਇਦਾ ਤੇ ਇਸਲਾਮਿਕ ਸਟੇਟ ਦੇ ਬੰਦੂਕਧਾਰੀਆਂ ਤੇ ਆਤਮਘਾਤੀ ਹਮਲਾਵਰਾਂ ਨੇ ਕਈ ਵਾਰ ਹਮਲੇ ਕੀਤੇ। ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਫਰਾਂਸ ਨੇ ਭੀੜ-ਭਾੜ ਵਾਲੇ ਸਥਾਨਾਂ ’ਤੇ ਵਾਹਨਾਂ ’ਤੇ ਅਤੇ ਪੈਦਲ ਹਥਿਆਰਬੰਦ ਗਸ਼ਤ ਆਮ ਹੋ ਗਈ ਹੈ। ਸੁਰੱਖਿਆ ਨੂੰ ਦਰੁਸੱਤ ਕਰਨ ਲਈ ਰਾਫੇਲ ਯੁੱਧ ਜਹਾਜ਼ਾਂ ਦੇ ਨਾਲ ਹਵਾਈ ਖੇਤਰ ਦੀ ਨਿਗਰਾਨੀ ਕਰਨ ਵਾਲੀ ਏ. ਡਬਲਯੂ. ਏ. ਸੀ. ਐੱਸ. ਨਿਗਰਾਨੀ ਉਡਾਨਾਂ, ਰੀਪਰ ਨਿਗਰਾਨੀ ਡ੍ਰੋਨ, ਸ਼ਾਰਪਸ਼ੂਟਰ ਨਾਲ ਲੈਸ ਹੈਲੀਕਾਪਟਰ ਤੇ ਡ੍ਰੋਨ ਨੂੰ ਨਸ਼ਟ ਕਰਨ ਵਾਲੇ ਉਪਕਰਨ ਪੈਰਿਸ ਦੇ ਅਸਮਾਨ ਦੀ ਨਿਗਰਾਨੀ ਕਰਨਗੇ। ਉਦਘਾਟਨੀ ਸਮਾਰੋਹ ਦੌਰਾਨ ਸੀਨ ਦੇ ਦੇ ਆਲੇ-ਦੁਆਲੇ 150 ਕਿਲੋਮੀਟਰ (93 ਮੀਲ) ਖੇਤਰ ਨੂੰ ਨੋ-ਫਲਾਈਨ ਜੋਨ ਕਰਾਰ ਦਿੱਤਾ ਜਾਵੇਗਾ।